ਪ੍ਰਧਾਨ ਮੰਤਰੀ ਦੇ ਜਨਮ ਦਿਨ ਮੌਕੇ ਪੱਬਾਂ ਭਾਰ ਰਹੀ ਦਿੱਲੀ ਸਰਕਾਰ
ਦਿੱਲੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਪੱਬਾਂ ਭਾਰ ਹੋਈ ਰਹੀ ਅਤੇ ਦਿੱਲੀ ਦੀ ਮੁੱਖ ਮੰਤਰੀ ਸਮੇਤ ਦਿੱਲੀ ਭਾਜਪਾ ਦੇ ਆਗੂ ਸਾਰਾ ਦਿਨ ਸਰਗਰਮ ਰਹੇ।
ਦਿੱਲੀ ਸਰਕਾਰ ਨੇ ਬੁੱਧਵਾਰ ਤੋਂ ਸੇਵਾ ਪੰਦਰਵਾੜਾ ਸ਼ੁਰੂ ਕੀਤਾ, ਜਿਸ ਦੇ ਤਹਿਤ ਪਹਿਲੇ ਦਿਨ ਉਦਘਾਟਨ, ਨੀਂਹ ਪੱਥਰ ਰੱਖਣ ਅਤੇ ਲੋਕ ਭਲਾਈ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਈ ਹੋਰ ਮੰਤਰੀਆਂ ਦੇ ਨਾਲ ਸਵੇਰੇ ਇੰਡੀਆ ਗੇਟ ‘ਤੇ ‘ਸੇਵਾ ਸੰਕਲਪ ਪਦਯਾਤਰਾ’ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਕਰਤੱਵਿਆ ਪਥ ’ਤੇ ਲਗਾਏ ਗਏ ਕੈਂਪ ਵਿੱਚ ਸੇਵਾ ਪੰਦਰਵਾੜਾ ਮੁਹਿੰਮ ਤਹਿਤ ਖ਼ੂਨਦਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ਅਤੇ ਸੇਵਾ ਪੰਦਰਵਾੜੇ ਦੀ ਸ਼ੁਰੂਆਤ ਖੂਨਦਾਨ ਕੈਂਪ ਨਾਲ ਹੋਈ। ਦਿੱਲੀ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸਾਡੇ ਖ਼ੂਨ ਦੀ ਹਰ ਬੂੰਦ ਦੇਸ਼ ਲਈ ਹੋਵੇ। ਉਨ੍ਹਾਂ ਕਿਹਾ ਕਿ 15 ਦਿਨਾਂ ਦੌਰਾਨ, ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਦੇ ਮੌਕੇ ’ਤੇ ਦਿੱਲੀ ਦੇ ਲੋਕਾਂ ਲਈ 75 ਨਵੀਆਂ ਯੋਜਨਾਵਾਂ ਪੇਸ਼ ਕੀਤੀਆਂ ਜਾਣਗੀਆਂ।
ਭਾਜਪਾ ਨੇਤਾ ਬਾਂਸਰੀ ਸਵਰਾਜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਨ ਦੇ ਮੌਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1.4 ਅਰਬ ਭਾਰਤੀਆਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਦੇ ਕਾਰਨ ਹੀ ਭਾਰਤ ਇੱਕ ਵਿਕਸਤ ਰਾਸ਼ਟਰ ਬਣਨ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤੋਂ ਬਾਹਰ ਭਾਰਤੀਆਂ ਲਈ ਵਧਿਆ ਸਤਿਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਣਥੱਕ ਯਤਨਾਂ ਕਾਰਨ ਹੈ। ਇਸ ਦੌਰਾਨ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪ੍ਰਧਾਨ ਮੰਤਰੀ ਮੋਦੀ ਲਈ ਅਰਦਾਸ ਕੀਤੀ ਗਈ। ਉਨ੍ਹਾਂ ਅਰਦਾਸ ਕੀਤੀ ਕਿ ਪ੍ਰਮਾਤਮਾ ਪ੍ਰਧਾਨ ਮੰਤਰੀ ਮੋਦੀ ਨੂੰ ਲੰਮੀ ਉਮਰ ਬਖਸ਼ੇ। ਪ੍ਰਧਾਨ ਮੰਤਰੀ ਮੋਦੀ ਦੇ 75ਵੇਂ ਜਨਮ ਦਿਨ ’ਤੇ, ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਹੈ, ਇਸ ਲਈ ਉਹ ਅੱਜ ਹਨੂਮਾਨ ਮੰਦਰ ਆਏ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਉਨ੍ਹਾਂ ਨੂੰ ਅਸ਼ੀਰਵਾਦ ਦਿੰਦਾ ਰਹੇ ਅਤੇ ਉਨ੍ਹਾਂ ਨੂੰ ਹੋਰ ਤਾਕਤ ਦੇਵੇ।