ਦਿੱਲੀ ਸਰਕਾਰ ਵੱਲੋਂ ਇਲੈਕਟ੍ਰਿਕ ਵਾਹਨ ਨੀਤੀ ’ਤੇ ਜ਼ੋਰ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਦਿੱਲੀ ਸਰਕਾਰ ਇੱਕ ਨਵੇਂ ਮਾਡਲ ‘ਇਲੈਕਟ੍ਰਿਕ ਵਾਹਨ ਨੀਤੀ’ ’ਤੇ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ 2026 ਦੇ ਅੰਤ ਤੱਕ ਸਾਰੇ ਜਨਤਕ ਆਵਾਜਾਈ ਵਾਲੇ ਵਾਹਨ ਇਲੈਕਟ੍ਰਿਕ ‘ਈ.ਵੀ.’ ਹੋ ਜਾਣਗੇ। ਸੋਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ ‘ਐੱਸ.ਆਈ.ਏ.ਐੱਮ.’ ਵੱਲੋਂ ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਗੁਪਤਾ ਨੇ ਜ਼ੋਰ ਦੇ ਕੇ ਕਿਹਾ ਕਿ ਹਾਦਸਿਆਂ ਲਈ ਡਰਾਈਵਰ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸੜਕ ਹਾਦਸੇ ਹਰ ਮਿੰਟ, ਹਰ ਘੰਟੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚ ਵਾਹਨਾਂ ਦੀ ਕੋਈ ਗਲਤੀ ਨਹੀਂ ਹੁੰਦੀ, ਗਲਤੀ ਡਰਾਈਵਰਾਂ ਦੀ ਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਇਸ ਸਬੰਧ ਵਿੱਚ ਸਾਨੂੰ ਆਪਣੀ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਸੀਟ ਬੈਲਟ ਨਾ ਲਗਾਉਣ ਵਿੱਚ ਮਾਣ ਕਰਦੇ ਹਨ। ਹਾਲਾਂਕਿ, ਟ੍ਰੈਫਿਕ ਨਿਯਮਾਂ ਦੀ ਹੋਰ ਸਖਤੀ ਨਾਲ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਰੇਖਾ ਗੁਪਤਾ ਨੇ ਲੋਕਾਂ ਨੂੰ ਪ੍ਰਸ਼ਾਸਨ ਜਾਂ ਸਰਕਾਰ ਦੀ ਖ਼ਾਤਰ ਨਹੀਂ, ਸਗੋਂ ਆਪਣੀ ਸੁਰੱਖਿਆ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦਿੱਲੀ ਵਿੱਚ ਕੂੜੇ ਦੇ ਪਹਾੜਾਂ, ਟ੍ਰੈਫਿਕ ਜਾਮ ਅਤੇ ਪ੍ਰਦੂਸ਼ਣ ਦੀਆਂ ਲਗਾਤਾਰ ਸਮੱਸਿਆਵਾਂ ਨੂੰ ਸਵੀਕਾਰ ਕੀਤਾ ਅਤੇ ਭਰੋਸਾ ਦਿੱਤਾ ਕਿ ਸਰਕਾਰ ਇਨ੍ਹਾਂ ਸਮੱਸਿਆਵਾਂ ਦਾ ਜਲਦ ਹੱਲ ਕਰੇਗੀ।