ਦਿੱਲੀ ਸਰਕਾਰ ਵੱਲੋਂ ਪ੍ਰਾਈਵੇਟ ਦਫ਼ਤਰਾਂ ਨੂੰ 50 ਫੀਸਦ ਕਰਮਚਾਰੀਆਂ ਨੂੰ ‘Work From Home’ ਦੇਣ ਦੇ ਨਿਰਦੇਸ਼
ਦਿੱਲੀ ਸਰਕਾਰ ਨੇ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਸਟੇਜ III ਦੇ ਤਹਿਤ ਪ੍ਰਾਈਵੇਟ ਦਫ਼ਤਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 50 ਫੀਸਦ ਸਟਾਫ਼ ਨਾਲ ਹੀ ਦਫ਼ਤਰਾਂ ਵਿੱਚ ਕੰਮ ਕਰਨ ਅਤੇ ਬਾਕੀ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ (Work From Home) ਦੀ ਇਜਾਜ਼ਤ ਦੇਣ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ, ਦਿੱਲੀ ਦੀ ਹਵਾ ਦੀ ਗੁਣਵੱਤਾ ਲਗਾਤਾਰ ਨੌਵੇਂ ਦਿਨ ‘ਬਹੁਤ ਖ਼ਰਾਬ’ ਬਣੀ ਰਹੀ, ਜਿੱਥੇ ਸਮੁੱਚਾ ਹਵਾ ਗੁਣਵੱਤਾ ਸੂਚਕਾਂਕ (AQI) 370 ਦਰਜ ਕੀਤਾ ਗਿਆ। ਦਿੱਲੀ ਦੇ ਕੁੱਲ 11 ਨਿਗਰਾਨੀ ਸਟੇਸ਼ਨਾਂ ਨੇ AQI ਰੀਡਿੰਗ ‘ਗੰਭੀਰ’ (Severe) ਸ਼੍ਰੇਣੀ ਵਿੱਚ ਦਰਜ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਸਲਾਹ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਦੇ ਨਿਰਦੇਸ਼ਾਂ ਤੋਂ ਬਾਅਦ ਜਾਰੀ ਕੀਤੀ ਗਈ ਹੈ। ਸਰਕਾਰ ਨੇ ਪ੍ਰਾਈਵੇਟ ਦਫ਼ਤਰਾਂ ਨੂੰ ਇਸ ਸਲਾਹ ਨੂੰ ਵਿਆਪਕ ਤੌਰ ’ਤੇ ਫੈਲਾਉਣ ਅਤੇ ਸਾਰੀਆਂ ਸ਼ਾਖਾਵਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।
ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਰਕਾਰ GRAP III ਤਹਿਤ ਸਾਰੇ ਪ੍ਰਦੂਸ਼ਣ ਕੰਟਰੋਲ ਉਪਾਅ ‘ਪੂਰੀ ਗੰਭੀਰਤਾ ਨਾਲ ਅਤੇ ਚੌਵੀ ਘੰਟੇ ਨਿਗਰਾਨੀ’ ਨਾਲ ਲਾਗੂ ਕਰ ਰਹੀ ਹੈ।
ਮੰਤਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਅਤੇ ਬਾਇਓਮਾਸ ਖੁੱਲ੍ਹੇ ਵਿੱਚ ਸਾੜਨ ਤੋਂ ਗੁਰੇਜ਼ ਕਰਨ ਅਤੇ ‘ਗ੍ਰੀਨ ਦਿੱਲੀ ਐਪ’ ਰਾਹੀਂ ਉਲੰਘਣਾਵਾਂ ਦੀ ਰਿਪੋਰਟ ਕਰਨ।
