ਦਿੱਲੀ: ਰੋਹਿਨੀ ਵਿਚ ਪੁਲੀਸ ਮੁਕਾਬਲੇ ’ਚ ਬਿਹਾਰ ਦੇ ਚਾਰ ਗੈਂਗਸਟਰ ਹਲਾਕ
ਬਿਹਾਰ ਵਿਚ ਕਥਿਤ ਕਤਲ ਦੀਆਂ ਕਈ ਵਾਰਦਾਤਾਂ ਵਿਚ ਸ਼ਾਮਲ ਚਾਰ ਲੋੜੀਂਦੇ ਗੈਂਗਸਟਰ ਰੋਹਿਨੀ ਵਿਚ ਦਿੱਲੀ ਤੇ ਬਿਹਾਰ ਪੁਲੀਸ ਦੀ ਸਾਂਝੀ ਟੀਮ ਨਾਲ ਹੋਏ ਮੁਕਾਬਲੇ ਵਿਚ ਮਾਰੇ ਗਏ। ਮੁਕਾਬਲਾ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਹੋਇਆ।
ਪੁਲੀਸ ਦੀ ਸਾਂਝੀ ਟੀਮ ਨੇ ਗੈਂਗਸਟਰਾਂ ਦੀ ਪੈੜ ਨੱਪਣ ਲਈ ਅਪਰੇਸ਼ਨ ਵਿੱਢਿਆ ਸੀ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਗੈਂਗਸਟਰ ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿਚ ਲੁਕੇ ਹੋਏ ਸਨ। ਪੁਲੀਸ ਮੁਤਾਬਕ ਮਾਰੇ ਗਏ ਗੈਂਗਸਟਰਾਂ ਦੀ ਪਛਾਣ ਰੰਜਨ ਪਾਠਕ, ਵਿਮਲੇਸ਼ ਮਾਹਤੋ, ਮਨੀਸ਼ ਪਾਠਕ ਤੇ ਅਮਨ ਠਾਕੁਰ ਵਜੋਂ ਹੋਈ ਹੈ। ਇਹ ਸਾਰੇ ਬਿਹਾਰ ਦੇ ਵਸਨੀਕ ਸਨ ਅਤੇ ਕਤਲ ਤੇ ਫਿਰੌਤੀ ਦੀਆਂ ਵਾਰਦਾਤਾਂ ਲਈ ਲੋੜੀਂਦੇ ਸਨ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਅਪਰੇਸ਼ਨ ਦੌਰਾਨ ਮੁਲਜ਼ਮਾਂ ਨੇ ਪੁਲੀਸ ਟੀਮ ’ਤੇ ਕਥਿਤ ਫਾਇਰਿੰਗ ਕੀਤੀ ਤੇ ਪੁਲੀਸ ਦੀ ਜਵਾਬੀ ਕਾਰਵਾਈ ਇਹ ਚਾਰੇ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਫੌਰੀ ਰੋਹਿਨੀ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਲਿਆਂਦਾ ਐਲਾਨ ਦਿੱਤਾ। ਰੰਜਨ ਪਾਠਕ ਇਸ ਗਰੋਹ ਦਾ ਸਰਗਨਾ ਸੀ, ਜੋ ਬਿਹਾਰ ਤੇ ਨਾਲ ਲੱਗਦੇ ਰਾਜਾਂ ਵਿਚ ਅਪਰਾਧਿਕ ਨੈੱਟਵਰਕ ਚਲਾ ਰਿਹਾ ਸੀ।