ਦਿੱਲੀ: ਲਾਲ ਕਿਲੇ ਨੇੜੇ ਕਾਰ ਵਿੱਚ ਧਮਾਕਾ; 10 ਹਲਾਕ; 24 ਜ਼ਖਮੀ; ਕਈ ਕਾਰਾਂ ਨੂੰ ਅੱਗ ਲੱਗੀ
ਦਿੱਲੀ ’ਚ ਹਾੲੀ ਅਲਰਟ; ਮੋਦੀ ਨੇ ਸ਼ਾਹ ਨਾਲ ਗੱਲ ਕੀਤੀ; ਏਜੰਸੀਆਂ ਨੂੰ ਨਿਰਦੇਸ਼ ਜਾਰੀ; ਧਮਾਕੇ ਤੋਂ ਬਾਅਦ ਦਿੱਲੀ ਤੇ ਮੁੰਬੲੀ ’ਚ ਸੁਰੱਖਿਆ ਵਧਾੲੀ
Delhi: Blast in parked car near Red Fort ਇੱਥੋਂ ਦੇ ਲਾਲ ਕਿਲੇ ਨੇੜੇ ਇੱਕ ਕਾਰ ਵਿੱਚ ਅੱਜ ਸ਼ਾਮ ਵੇਲੇ ਧਮਾਕਾ ਹੋਇਆ। ਇਸ ਧਮਾਕਾ ਤੋਂ ਬਾਅਦ ਨਾਲ ਦੀਆਂ ਕਈ ਕਾਰਾਂ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਦਿੱਲੀ ਵਿਚ ਹਾਈ ਅਲਰਟ ਕਰਦਿਆਂ ਸਾਇਰਨ ਵਜਾਇਆ ਗਿਆ ਤੇ ਪੁਲੀਸ ਤੇ ਕੇਂਦਰੀ ਜਾਂਚ ਏਜੰਸੀਆਂ ਘਟਨਾ ਸਥਾਨ ’ਤੇ ਪੁੱਜ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਧਮਾਕੇ ਕਾਰਨ ਕਈ ਜਣੇ ਜ਼ਖਮੀ ਹੋ ਗਏ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਧਮਾਕੇ ਵਿਚ 10 ਵਿਅਕਤੀਆਂ ਦੇ ਮਰਨ ਦੀ ਖਬਰ ਹੈ। ਇਸ ਧਮਾਕੇ ਕਾਰਨ 24 ਜਣੇ ਜ਼ਖ਼ਮੀ ਹੋ ਗਏ ਹਨ।
ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਹੰਗਾਮੀ ਮੀਟਿੰਗ ਸੱਦ ਲਈ ਹੈ।
ਦਿੱਲੀ ਫਾਇਰ ਸਰਵਿਸਿਜ਼ ਨੂੰ ਲਾਲ ਕਿਲਾ ਮੈਟਰੋ ਸਟੇਸ਼ਨ ਨੇੜੇ ਧਮਾਕੇ ਬਾਰੇ ਫੋਨ ਆਇਆ। ਅਧਿਕਾਰੀ ਨੇ ਕਿਹਾ ਕਿ ਇਸ ਧਮਾਕੇ ਕਾਰਨ ਨੇੜਲੀਆਂ ਕਾਰਾਂ ਵੀ ਪ੍ਰਭਾਵਿਤ ਹੋਈਆਂ ਹਨ। ਪੁਲੀਸ ਨੇ ਖੇਤਰ ਨੂੰ ਸੀਲ ਕਰ ਲਿਆ ਹੈ ।
Security beefed across Delhi, border areas and Mumbai ਦਿੱਲੀ ਦੇ ਲਾਲ ਕਿਲੇ ਨੇੜੇ ਕਾਰ ਵਿਚ ਧਮਾਕੇ ਤੋਂ ਬਾਅਦ ਪੁਲੀਸ ਨੇ ਕੌਮੀ ਰਾਜਧਾਨੀ ਤੇ ਮੁੰਬਈ ਵਿਚ ਵੀ ਸੁਰੱਖਿਆ ਵਧਾ ਦਿੱਤੀ ਹੈ। ਹਰਿਆਣਾ ਦੇ ਫਰੀਦਾਬਾਦ ਵਿੱਚ ਲਗਪਗ 360 ਕਿਲੋਗ੍ਰਾਮ ਸ਼ੱਕੀ ਅਮੋਨੀਅਮ ਨਾਈਟ੍ਰੇਟ ਅਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਦੇ ਮੱਦੇਨਜ਼ਰ ਦਿੱਲੀ ਪੁਲੀਸ ਨੇ ਸ਼ਹਿਰ ਦੇ ਐਂਟਰੀ ਪੁਆਇੰਟਾਂ ’ਤੇ ਵੱਡੀ ਗਿਣਤੀ ਪੁਲੀਸ ਬਲ ਤਾਇਨਾਤ ਕਰਨ ਦੇ ਹੁਕਮ ਦੇ ਦਿੱਤੇ ਹਨ। ਅੱਜ ਸ਼ਾਮ ਵਲੇ ਲਾਲ ਕਿਲ੍ਹੇ ਦੇ ਨੇੜੇ ਖੜੀ ਇੱਕ ਕਾਰ ਵਿੱਚ ਸ਼ਕਤੀਸ਼ਾਲੀ ਧਮਾਕਾ ਹੋਇਆ, ਜਿਸ ਨਾਲ ਕਈ ਵਾਹਨ ਅੱਗ ਦੀਆਂ ਲਪਟਾਂ ਵਿੱਚ ਸੜ ਗਏ ਅਤੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਅਧਿਕਾਰੀਆਂ ਨੇ ਕਿਹਾ ਕਿ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ।
ਪੁਲੀਸ ਨੇ ਦਿੱਲੀ ਨੂੰ ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਜੋੜਨ ਵਾਲੇ ਸਾਰੇ ਸਰਹੱਦੀ ਸਥਾਨਾਂ 'ਤੇ ਨਿਗਰਾਨੀ ਵਧਾ ਦਿੱਤੀ ਹੈ। ਰੇਲਵੇ ਸਟੇਸ਼ਨਾਂ ਅਤੇ ਮੈਟਰੋ ਅਹਾਤਿਆਂ ਵਰਗੇ ਸੰਵੇਦਨਸ਼ੀਲ ਖੇਤਰਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਇੱਕ ਅਧਿਕਾਰੀ ਨੇ ਕਿਹਾ ਕਿ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਸਮੇਤ ਸਾਰੀਆਂ ਜ਼ਿਲ੍ਹਾ ਇਕਾਈਆਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਸਿੰਘੂ, ਟਿੱਕਰੀ ਅਤੇ ਬਦਰਪੁਰ ਸਰਹੱਦਾਂ ’ਤੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ।
ਧਮਾਕੇ ਤੋਂ ਬਾਅਦ ਦਹਿਸ਼ਤ; ਦੁਕਾਨਾਂ ਬੰਦ ਹੋਈਆਂ
ਦਿੱਲੀ ਲਾਲ ਕਿਲ੍ਹਾ ਧਮਾਕੇ ਤੋਂ ਬਾਅਦ ਦੁਕਾਨਾਂ ਬੰਦ ਹੋ ਗਈਆਂ। ਦੱਸਣਾ ਬਣਦਾ ਹੈ ਕਿ ਧਮਾਕਾ ਲਾਲ ਕਿਲ੍ਹੇ ਦਾ ਗੇਟ ਨੰਬਰ 1 ਨੇੜੇ ਹੋਇਆ। ਇਹ ਖੇਤਰ ਚਾਂਦਨੀ ਚੌਕ ਲਈ ਪੈਦਲ ਜਾਣ ਵਾਲੇ ਯਾਤਰੀਆਂ ਦੇ ਰਾਹ ’ਤੇ ਸਥਿਤ ਹੈ। ਇਸ ਦੌਰਾਨ ਨੇੜਲੇ ਬਾਜ਼ਾਰ ਦੀਆਂ ਸੜਕਾਂ ’ਤੇ ਜਾਮ ਲੱਗ ਗਿਆ ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਲੋਕਾਂ ਨੇ ਕਿਹਾ ਕਿ ਇਹ ਇੰਨਾ ਵੱਡਾ ਧਮਾਕਾ ਸੀ ਕਿ ਇਸ ਦੇ ਝਟਕੇ 700 ਤੋਂ 900 ਮੀਟਰ ਦੂਰ ਤੱਕ ਮਹਿਸੂਸ ਕੀਤੇ ਗਏ। ਇਕ ਜਣੇ ਨੇ ਦੱਸਿਆ ਕਿ ਧਮਾਕੇ ਨਾਲ ਇਵੇਂ ਲੱਗਿਆ ਕਿ ਜਿਵੇਂ ਇਮਾਰਤਾਂ ਹਿੱਲ ਗਈਆਂ ਤੇ ਭੂਚਾਲ ਆ ਗਿਆ।
ਹੌਲੀ ਰਫਤਾਰ ਨਾਲ ਜਾ ਰਹੀ ਕਾਰ ’ਚ ਹੋਇਆ ਧਮਾਕਾ: ਕਮਿਸ਼ਨਰ
ਪੁਲੀਸ ਕਮਿਸ਼ਨਰ ਸਤੀਸ਼ ਗੋਲਚਾ ਨੇ ਦੱਸਿਆ ਕਿ ਇਹ ਧਮਾਕਾ ਸ਼ਾਮ 6:52 ਵਜੇ ਇਕ ਹੌਲੀ ਗਤੀ ਵਿਚ ਜਾ ਰਹੀ ਕਾਰ ਵਿਚ ਉਸ ਵੇਲੇ ਹੋਇਆ ਜਦੋਂ ਇਹ ਕਾਰ ਰੈਡ ਲਾਈਟ ਤੋਂ ਪਹਿਲਾਂ ਰੁਕੀ। ਪੁਲੀਸ ਨੇ ਇਸ ਸਬੰਧੀ ਇਕ ਸ਼ੱਕੀ ਨੂੰ ਕਾਬੂ ਕੀਤਾ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਤੋਂ ਸਥਿਤੀ ਦਾ ਜਾਇਜ਼ਾ ਲਿਆ। ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਨ ਐਸ ਜੀ ਤੇ ਐਨ ਆਈ ਏ ਨੂੰ ਜ਼ਰੂਰੀ ਨਿਰਦੇਸ਼ ਦਿੱਤੇ।
ਪੀ.ਟੀ.ਆਈ.

