Delhi Elections ਦਿੱਲੀ ਅਸੈਂਬਲੀ ਦੀਆਂ 70 ਸੀਟਾਂ ਲਈ ਵੋਟਿੰਗ ਮੁਕੰਮਲ
ਮਨਧੀਰ ਸਿੰਘ ਦਿਓਲ
ਨਵਂੀਂ ਦਿੱਲੀ, 5 ਫਰਵਰੀ
ਦਿੱਲੀ ਅਸੈਂਬਲੀ ਦੀਆਂ 70 ਸੀਟਾਂ ਲਈ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਈ। ਦਿੱਲੀ ਵਿੱਚ ਸ਼ਾਮ 5 ਵਜੇ ਤੱਕ 57.85 ਫੀਸਦੀ ਪੋਲਿੰਗ ਦਰਜ ਕੀਤੀ ਗਈ। ਦਿੱਲੀ ਦੇ ਸਾਰੇ 70 ਹਲਕਿਆਂ ’ਚ ਵੋਟਾਂ ਸ਼ਾਮ 6 ਵਜੇ ਤੱਕ ਪੈਣਗੀਆਂ।
ਇਨ੍ਹਾਂ ਚੋਣਾਂ ਵਿਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਦਰਮਿਆਨ ਹੈ। ‘ਆਪ’ ਜਿੱਥੇ ਆਪਣੀਆਂ ਲੋਕ ਭਲਾਈ ਸਕੀਮਾਂ ਦੇ ਸਿਰ ’ਤੇ ਲਗਾਤਾਰ ਤੀਜੀ ਵਾਰ ਸੱਤਾ ਵਿਚ ਆਉਣ ਲਈ ਜ਼ੋਰ ਅਜ਼ਮਾਈ ਕਰ ਰਹੀ ਹੈ, ਉਥੇ ਭਾਜਪਾ ਤੇ ਕਾਂਗਰਸ ਮੁੜ ਉਭਾਰ ਦੀ ਤਲਾਸ਼ ਵਿੱਚ ਹਨ।
ਇਨ੍ਹਾਂ ਚੋਣਾਂ ਵਿਚ ਵੋਟਿੰਗ ਲਈ ਕਰੀਬ 1.56 ਕਰੋੜ ਵੋਟਰ ਯੋਗ ਹਨ, ਜੋ 699 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਕਰਨਗੇ। ਪੋਲਿੰਗ ਲਈ ਕੁਲ 13,766 ਪੋਲਿੰਗ ਬੂਥ ਬਣਾਏ ਗਏ ਹਨ। ਵੋਟਾਂ ਸ਼ਾਮ 6 ਵਜੇ ਤੱਕ ਪੈਣਗੀਆਂ।
ਰਾਸ਼ਟਰਪਤੀ ਦਰੋਪਦੀ ਮੁਰਮੂ, ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਸੰਦੀਪ ਦੀਕਸ਼ਿਤ ਅਤੇ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਆਪ ਦੇ ਮਨੀਸ਼ ਸਿਸੋਦੀਆ, ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਸਵੇਰੇ ਹੀ ਚੋਣ ਬੂਥਾਂ ’ਤੇ ਜਾ ਕੇ ਵੋਟਾਂ ਪਾਈਆਂ। ਨਵੀਂ ਦਿੱਲੀ ਹਲਕੇ ਤੋਂ ਉਮੀਦਵਾਰ ਸੰਦੀਪ ਦੀਕਸ਼ਿਤ ਨੇ ਜੰਗਪੁਰਾ ਹਲਕੇ ਵਿਚ ਵੋਟ ਪਾਈ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਸਵੇਰੇ ਤੋਂ ਹੀ ਬੂਥਾਂ ਉੱਪਰ ਕਤਾਰਾਂ ਲੱਗ ਗਈਆਂ।
ਰਾਸ਼ਟਰਪਤੀ ਮੁਰਮੂ ਨੇ ਰਾਸ਼ਟਰਪਤੀ ਐਸਟੇਟ ’ਚ ਵੋਟ ਪਾਈ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਰਾਸ਼ਟਰਪਤੀ ਅਸਟੇਟ ਦੇ ਇਕ ਪੋਲਿੰਗ ਬੂਥ 'ਤੇ ਸਵੇਰੇ 9 ਵਜੇ ਦੇ ਕਰੀਬ ਵੋਟ ਪਾਈ।
ਅਰਵਿੰਦ ਕੇਜਰੀਵਾਲ ਪਰਿਵਾਰ ਨਾਲ ਵੋਟ ਪਾਉਣ ਪਹੁੰਚੇ
ਦਿੱਲੀ ਵਿੱਚ ਡਬਲ-ਇੰਜਣ ਸਰਕਾਰ ਬਣੇਗੀ: ਵੀਰੇਂਦਰ ਸਚਦੇਵਾ
ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਪੜਪੜਗੰਜ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਮਯੂਰ ਵਿਹਾਰ ਫੇਜ਼ 1 ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਉਨ੍ਹਾਂ ਨੇ ਚੋਣਾਂ ਵਿੱਚ ਭਾਜਪਾ ਦੀ ਜਿੱਤ 'ਤੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਦਿੱਲੀ ਵਿੱਚ ਡਬਲ-ਇੰਜਣ ਵਾਲੀ ਸਰਕਾਰ ਬਣੇਗੀ।
ਰਾਜੌਰੀ ਗਾਰਡਨ ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਉਮੀਦਵਾਰਾਂ ਨੇ ਵੀ ਪੋਲਿੰਗ ਬੂਥਾਂ ’ਤੇ ਜਾ ਕੇ ਵੋਟ ਪਾਈ।
ਆਪ ਨੇ ਕਥਿਤ ਬੇਨੇਮੀਆਂ ਦਾ ਦੋਸ਼ ਲਾਇਆ
‘ਆਪ’ ਨੇ ਦੋਸ਼ ਲਾਇਆ ਕਿ ਭਾਜਪਾ ਸ਼ਰੇਆਮ ਵੋਟਰਾਂ ਨੂੰ ਜੰਗਪੁਰਾ ਵਿੱਚ ਇੱਕ ਬੂਥ ਦੇ ਨਾਲ ਲੱਗਦੀ ਇਮਾਰਤ ਵਿੱਚ ਲਿਜਾ ਕੇ ਪੈਸੇ ਵੰਡ ਰਹੀ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਇਹ ਸਭ ਦਿੱਲੀ ਪੁਲੀਸ ਅਤੇ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਇਕ ਵੀਡੀਓ ਵਿਚ ਪਾਰਟੀ ਵਰਕਰਾਂ ਨੂੰ ਪ੍ਰਦਰਸ਼ਨ ਕਰਦੇ ਹੋਏ ਅਤੇ ਨਾਅਰੇਬਾਜ਼ੀ ਕਰਦੇ ਦੇਖਿਆ ਜਾ ਸਕਦਾ ਹੈ। ਜ਼ਿਲ੍ਹਾ ਚੋਣ ਅਧਿਕਾਰੀ (ਦੱਖਣੀ-ਪੂਰਬੀ) ਨੇ ਦਿੱਲੀ ਪੁਲੀਸ ਅਤੇ ਫਲਾਇੰਗ ਸਕੁਐਡ ਟੀਮਾਂ ਨੂੰ ਤੁਰੰਤ ਘਟਨਾ ਸਥਾਨ 'ਤੇ ਪਹੁੰਚਣ ਅਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਦਿੱਲੀ ਦੇ ਲੋਕ ਖਾਸ ਕਰਕੇ ਨੌਜਵਾਨ ਵੋਟਰ ਆਪਣੀ ਵੋਟ ਜ਼ਰੂਰ ਪਾਉਣ: ਪ੍ਰਧਾਨ ਮੰਤਰੀ
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਦਿੱਲੀ ਦੇ ਲੋਕਾਂ ਨੂੰ ਆਪਣੇ ਕੀਮਤ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਖਾਸ ਕਰਕੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਗੱਲ ਜ਼ਹਿਨ ਵਿਚ ਰੱਖਿਓ ‘ਪਹਿਲੇ ਮਤਦਾਨ, ਫਿਰ ਜਲਪਾਨ’।
ਦਿੱਲੀ ਚੋਣਾਂ ਲਈ ਸਖ਼ਤ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ। ਚੋਣਾਂ ਦੇ ਅਮਲ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪੁਲੀਸ ਦੇ 30,000 ਜਵਾਨ ਤੇ ਨੀਮ ਫੌਜੀ ਬਲਾਂ ਦੀਆਂ 220 ਕੰਪਨੀਆਂ ਕੌਮੀ ਰਾਜਧਾਨੀ ਵਿਚ ਤਾਇਨਾਤ ਕੀਤੀਆਂ ਗਈਆਂ ਹਨ।
ਸਿਰਫ ਚੋਣ ਨਹੀਂ ਧਰਮ ਯੁੱਧ ਹੈ: ਆਤਿਸ਼ੀ
ਦਿੱਲੀ ਦੀ ਮੁੱਖ ਮੰਤਰੀ ਅਤੇ ਕਾਲਕਾਜੀ ਹਲਕੇ ਤੋਂ 'ਆਪ' ਉਮੀਦਵਾਰ ਆਤਿਸ਼ੀ ਨੇ ਵੋਟਰਾਂ ਨੂੰ ਕੌਮੀ ਰਾਜਧਾਨੀ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ। ਆਤਿਸ਼ੀ ਨੇ ਐਕਸ 'ਤੇ ਇੱਕ ਪੋਸਟ ਵਿੱਚ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਚੋਣ ਸਿਰਫ਼ ਇੱਕ ਚੋਣ ਨਹੀਂ ਹੈ, ਸਗੋਂ ਇੱਕ "ਧਰਮ ਯੁੱਧ" ਹੈ।
ਉਧਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਦਿੱਲੀ ਵਾਸੀਆਂ ਨੂੰ ਲੋਕਤੰਤਰ ਦੇ ਇਸ ਮਹਾਨ ਤਿਓਹਾਰ ਵਿਚ ਸ਼ਾਮਲ ਹੋ ਕੇ ਵੋਟ ਪਾਉਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਕਿਹਾ, ‘‘ਮੈਂ ਦਿੱਲੀ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਲੋਕਤੰਤਰ ਦੇ ਇਸ ਮਹਾਨ ਤਿਉਹਾਰ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਵੋਟ ਜ਼ਰੂਰ ਪਾਉਣ। ਵੋਟਿੰਗ ਹਰ ਨਾਗਰਿਕ ਦਾ ਅਧਿਕਾਰ ਹੈ ਅਤੇ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਵੀ ਹੈ। ਤੁਹਾਡੀ ਇੱਕ-ਇੱਕ ਵੋਟ ਸਾਡੇ ਬੱਚਿਆਂ ਦੇ ਚੰਗੇ ਭਵਿੱਖ ਨੂੰ ਸਮਰਪਿਤ ਹੋਵੇਗੀ। ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਦਿੱਲੀ ਦੀ ਤਰੱਕੀ ਵਿੱਚ ਯੋਗਦਾਨ ਪਾਓ।’’
ਦਿੱਲੀ ਵਿੱਚ ਚੋਣਾਂ ਲਈ ਜਨਤਕ ਛੁੱਟੀ ਦਾ ਐਲਾਨ, ਮੈਟਰੋ ਸੇਵਾਵਾਂ ਵਿੱਚ ਬਦਲਾਅ
ਦਿੱਲੀ ਵਿਧਾਨ ਸਭਾ ਚੋਣਾਂ ਸੁਚਾਰੂ ਢੰਗ ਨਾਲ ਕਰਵਾਉਣ ਲਈ, ਦਿੱਲੀ ਸਰਕਾਰ ਨੇ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ ਰਾਸ਼ਟਰੀ ਰਾਜਧਾਨੀ ਦੇ ਸਾਰੇ ਸਰਕਾਰੀ ਅਤੇ ਨਿੱਜੀ ਖੇਤਰ ਦੇ ਦਫਤਰਾਂ 'ਤੇ ਲਾਗੂ ਹੁੰਦੀ ਹੈ। ਦਿੱਲੀ ਮੈਟਰੋ ਨੇ ਅੱਜ ਲਈ ਵਿਸ਼ੇਸ਼ ਕੰਮਕਾਜੀ ਘੰਟਿਆਂ ਦਾ ਐਲਾਨ ਕੀਤਾ ਹੈ। ਸਾਰੀਆਂ ਲਾਈਨਾਂ 'ਤੇ ਮੈਟਰੋ ਸੇਵਾਵਾਂ ਆਪਣੇ ਟਰਮੀਨਲ ਸਟੇਸ਼ਨਾਂ ਤੋਂ ਸਵੇਰੇ 4 ਵਜੇ ਸ਼ੁਰੂ ਹੋਈਆਂ।