ਦਿੱਲੀ: ਪੁਲੀਸ ਮੁਕਾਬਲੇ ਤੋਂ ਬਾਅਦ ਚਿੱਪੀ, ਜਠੇੜੀ ਗਿਰੋਹ ਨਾਲ ਸਬੰਧਤ ਅਪਰਾਧੀ ਗ੍ਰਿਫ਼ਤਾਰ
ਦਿੱਲੀ ਪੁਲੀਸ ਨੇ ਦਵਾਰਕਾ ਵਿੱਚ ਇੱਕ ਸੰਖੇਪ ਗੋਲੀਬਾਰੀ ਤੋਂ ਬਾਅਦ ਅਨਿਲ ਚਿੱਪੀ ਅਤੇ ਕਾਲਾ ਜਠੇੜੀ ਗਿਰੋਹਾਂ ਦੇ ਇੱਕ ਸ਼ੱਕੀ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਵਿਕਾਸ ਉਰਫ਼ ਬੱਗਾ, ਜੋ ਹਰਿਆਣਾ ਦੇ ਰੋਹਤਕ ਦਾ...
ਪੁਲੀਸ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਵਿਕਾਸ ਉਰਫ਼ ਬੱਗਾ, ਜੋ ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਹੈ, ਕਤਲ, ਕਤਲ ਦੀ ਕੋਸ਼ਿਸ਼ ਅਤੇ ਲੁੱਟ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ।
ਪੁਲੀਸ ਨੂੰ ਇੱਕ ਸੂਚਨਾ ਮਿਲੀ ਸੀ ਕਿ ਵਿਕਾਸ ਇੱਕ ਸਾਥੀ ਨੂੰ ਮਿਲਣ ਲਈ ਦਿਚਾਉਂ-ਹਿਰਨਕੁਡਾਨਾ ਰੋਡ ’ਤੇ ਮੰਗੇਸਪੁਰ ਡਰੇਨ ਪਤਰੀ ਨੇੜੇ ਆਵੇਗਾ। ਇਸ ਸੂਹ ’ਤੇ ਕਾਰਵਾਈ ਕਰਦੇ ਹੋਏ, ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਜਾਲ ਵਿਛਾਇਆ।
ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਸਕੂਟਰ 'ਤੇ ਆਇਆ ਅਤੇ ਕਥਿਤ ਤੌਰ 'ਤੇ ਪੁਲੀਸ ਟੀਮ ’ਤੇ ਗੋਲੀ ਚਲਾਈ। ਇਸ ਦੌਰਾਨ ਇੱਕ ਗੋਲੀ ਇੱਕ ਹੈੱਡ ਕਾਂਸਟੇਬਲ ਦੀ ਬੁਲੇਟਪਰੂਫ਼ ਜੈਕੇਟ ’ਤੇ ਲੱਗੀ, ਜੋ ਬਾਲ-ਬਾਲ ਬਚ ਗਿਆ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਕਾਸ ਪਹਿਲਾਂ ਰੋਹਤਕ ਦੇ ਸਾਂਪਲਾ ਪੁਲੀਸ ਸਟੇਸ਼ਨ ਵਿੱਚ ਦਰਜ ਇੱਕ ਕਤਲ ਕੇਸ ਅਤੇ ਹਰਿਆਣਾ ਵਿੱਚ ਕਤਲ ਦੀ ਕੋਸ਼ਿਸ਼ ਦੇ ਇੱਕ ਹੋਰ ਕੇਸ ਵਿੱਚ ਸ਼ਾਮਲ ਸੀ।
ਉਹ ਦਿੱਲੀ ਦੇ ਰੋਹਿਣੀ ਜ਼ਿਲ੍ਹੇ ਵਿੱਚ ਦਰਜ ਲੁੱਟ ਖੋਹ ਅਤੇ ਕਤਲ ਕੇਸ ਵਿੱਚ ਵੀ ਮੁਲਜ਼ਮ ਹੈ। ਅਧਿਕਾਰੀ ਨੇ ਕਿਹਾ, ‘‘ਦੋਸ਼ੀ ਅਨਿਲ ਚਿੱਪੀ ਅਤੇ ਕਾਲਾ ਜਠੇੜੀ ਗਿਰੋਹਾਂ ਨਾਲ ਸਬੰਧਤ ਇੱਕ ਖਤਰਨਾਕ ਅਪਰਾਧੀ ਸੀ।’’ ਪੀਟੀਆਈ

