Red Fort Blast: ਅਦਾਲਤ ਨੇ ਚਾਰ ਮੁਲਜ਼ਮਾਂ ਨੂੰ 10 ਦਿਨ ਦੇ ਰਿਮਾਂਡ ’ਤੇ ਭੇਜਿਆ
ਦਿੱਲੀ ਦੇ ਲਾਲ ਕਿਲਾ ਧਮਾਕੇ ਦੇ ਮਾਮਲੇ ਵਿਚ ਇੱਥੋਂ ਦੀ ਅਦਾਲਤ ਨੇ ਚਾਰ ਮੁਲਜ਼ਮਾਂ ਨੂੰ ਐਨ ਆਈ ਏ ਦੇ 10 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਇਹ ਜਾਂਚ ਏਜੰਸੀ ਇਸ ਮਾਮਲੇ ਨਾਲ ਜੁੜੇ ਹੋਰ ਜਣਿਆਂ ਦੀ ਸ਼ਮੂਲੀਅਤ ਦਾ ਪਤਾ ਲਗਾਏਗੀ।
ਕੌਮੀ ਜਾਂਚ ਏਜੰਸੀ ਨੇ ਵੀਰਵਾਰ ਨੂੰ ਤਿੰਨ ਡਾਕਟਰਾਂ ਅਤੇ ਇੱਕ ਪ੍ਰਚਾਰਕ ਨੂੰ ਹਿਰਾਸਤ ਵਿੱਚ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਜ਼ੱਮਿਲ ਗਨਾਈ, ਅਦੀਲ ਰਾਠਰ ਅਤੇ ਸ਼ਾਹੀਨਾ ਸਈਦ ਦੇ ਨਾਲ-ਨਾਲ ਮੌਲਵੀ ਇਰਫਾਨ ਅਹਿਮਦ ਵਾਗੇ ਨੂੰ ਧਮਾਕੇ ਤੋਂ ਬਾਅਦ ਜੰਮੂ-ਕਸ਼ਮੀਰ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ।
ਐੱਨ ਆਈ ਏ ਦੇ ਇੱਕ ਬੁਲਾਰੇ ਨੇ ਕਿਹਾ, "ਉਨ੍ਹਾਂ ਸਾਰਿਆਂ ਨੇ ਅਤਿਵਾਦੀ ਹਮਲੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਜਿਸ ਵਿੱਚ ਕਈ ਮਾਸੂਮ ਵਿਅਕਤੀ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋਏ ਸਨ।" ਕੇਸ ਨੂੰ ਰਸਮੀ ਤੌਰ ’ਤੇ 11 ਨਵੰਬਰ ਨੂੰ ਸੰਭਾਲਣ ਵਾਲੀ ਐੱਨ ਆਈ ਏ ਨੂੰ ਉਨ੍ਹਾਂ ਦੀ ਹਿਰਾਸਤ ਮਿਲਣ ਨਾਲ, ਕੇਂਦਰੀ ਏਜੰਸੀ ਕੋਲ ਦਰਜ ਕੀਤੇ ਗਏ ਲੋਕਾਂ ਦੀ ਗਿਣਤੀ ਛੇ ਹੋ ਗਈ ਹੈ।
ਇਸ ਤੋਂ ਪਹਿਲਾਂ ਐਨਆਈਏ ਨੇ ਸ੍ਰੀਨਗਰ ਵਿਚੋਂ ਸਹਿ-ਸਾਜ਼ਿਸ਼ਘਾੜੇ ਜਾਸਿਰ ਬਿਲਾਲ ਵਾਨੀ ਨੂੰ ਗ੍ਰਿਫ਼ਤਾਰ ਕੀਤਾ ਸੀ। ਐਨਆਈਏ ਨੇ ਦੱਸਿਆ ਸੀ ਕਿ ਅਨੰਤਨਾਗ ਦੇ ਕਾਜ਼ੀਗੁੰਡ ਦੇ ਰਹਿਣ ਵਾਲੇ ਵਾਨੀ ਨੇ ਡਰੋਨਾਂ ਨੂੰ ਸੋਧ ਕੇ ਅਤੇ ਘਾਤਕ ਕਾਰ ਬੰਬ ਧਮਾਕੇ ਤੋਂ ਪਹਿਲਾਂ ਰਾਕੇਟ ਬਣਾਉਣ ਦੀ ਕੋਸ਼ਿਸ਼ ਕਰਕੇ ਦਹਿਸ਼ਤੀ ਹਮਲੇ ਕਰਨ ਲਈ ਤਕਨੀਕੀ ਸਹਾਇਤਾ ਦਿੱਤੀ ਸੀ। ਐਨਆਈਏ ਦੀ ਇੱਕ ਟੀਮ ਨੇ ਵਾਨੀ (ਜਿਸ ਨੂੰ ਦਾਨਿਸ਼ ਦੇ ਉਪ ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਨੂੰ ਸ੍ਰੀਨਗਰ ਵਿੱਚੋਂ ਗ੍ਰਿਫ਼ਤਾਰ ਕੀਤਾ।
ਦੱਸਣਾ ਬਣਦਾ ਹੈ ਕਿ ਲਾਲ ਕਿਲੇ ਨੇੜੇ ਕਾਰ ਧਮਾਕਾ ਮਾਮਲੇ ਵਿਚ ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਇਸ ਤੋਂ ਪਹਿਲਾਂ ਇੱਕ ਕਸ਼ਮੀਰ ਵਾਸੀ ਅਮੀਰ ਰਾਸ਼ਿਦ ਅਲੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ ਜਿਸ ਨੇ ਫਿਦਾਇਨ ਹਮਲਾਵਰ ਨਾਲ ਮਿਲ ਕੇ ਦਹਿਸ਼ਤੀ ਹਮਲੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ। ਉਸ ਦੀ ਆਈ 20 ਕਾਰ ਦਿੱਲੀ ਧਮਾਕੇ ਵਿਚ ਵਰਤੀ ਗਈ ਸੀ। ਦਿੱਲੀ ਧਮਾਕੇ ’ਚ 15 ਜਣੇ ਮਾਰੇ ਗਏ ਸਨ ਤੇ 30 ਹੋਰ ਜ਼ਖਮੀ ਹੋ ਗਏ ਸਨ। ਐਨ ਆਈ ਏ ਖੁਲਾਸਾ ਕੀਤਾ ਹੈ ਕਿ ਉਮਰ ਤੇ ਅਮੀਰ ਨੇ ਮਿਲ ਕੇ ਸਾਜ਼ਿਸ਼ ਰਚੀ ਸੀ। ਇਨ੍ਹਾਂ ਨੇ ਓਐਲਐਕਸ ਜ਼ਰੀਏ ਕਾਰ ਦਾ ਸੌਦਾ ਕੀਤਾ ਸੀ। ਇਸ ਤੋਂ ਪਹਿਲਾਂ ਫਰੀਦਾਬਾਦ ਦੇ ਕਾਰਾਂ ਦੀ ਸੇਲ ਪਰਚੇਜ਼ ਦਾ ਕੰਮ ਕਰਨ ਵਾਲੇ ਨੇ ਜਾਂਚ ਏਜੰਸੀ ਨੂੰ ਦੱਸਿਆ ਸੀ ਕਿ ਉਨ੍ਹਾਂ ਤੋਂ ਜੋ ਕਾਰ ਖਰੀਦੀ ਗਈ ਸੀ। ਉਸ ਨੇ ਆਪਣੀ ਆਈਡੀ ਦਿੱਤੀ ਸੀ ਤੇ ਇਸ ਵਿਚ ਪਤਾ ਪੁਲਵਾਮਾ ਦਾ ਦਿੱਤਾ ਗਿਆ ਸੀ। ਪੀਟੀਆਈ
