ਦਿੱਲੀ ਅਦਾਲਤ ਨੇ ਗੈਂਗਸਟਰ ਅਨਮੋਲ ਬਿਸ਼ਨੋਈ ਦੀ NIA ਹਿਰਾਸਤ ਸੱਤ ਦਿਨਾਂ ਲਈ ਵਧਾਈ
ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਗੈਂਗਸਟਰ ਅਨਮੋਲ ਬਿਸ਼ਨੋਈ ਦੀ ਕੌਮੀਂ ਜਾਂਚ ਏਜੰਸੀ (NIA) ਦੀ ਹਿਰਾਸਤ ਸੱਤ ਦਿਨਾਂ ਲਈ ਹੋਰ ਵਧਾ ਦਿੱਤੀ।
ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਐੱਨ.ਆਈ.ਏ. ਦੇ ਮੁੱਖ ਦਫ਼ਤਰ ਵਿੱਚ ਹੋਈ ਸੁਣਵਾਈ ਦੌਰਾਨ ਇਹ ਆਦੇਸ਼ ਦਿੱਤਾ। ਪਟਿਆਲਾ ਹਾਊਸ ਕੋਰਟ ਵਿੱਚ ਨਿਰਧਾਰਤ ਸੁਣਵਾਈ ਨਹੀਂ ਹੋਈ, ਕਿਉਂਕਿ ਐੱਨ.ਆਈ.ਏ. ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਵੱਲੋਂ ਦਿੱਤੀਆਂ ਧਮਕੀਆਂ ਕਾਰਨ ਬਿਸ਼ਨੋਈ ਦੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਦੱਸਿਆ ਸੀ।
ਸੂਤਰਾਂ ਨੇ ਦੱਸਿਆ ਕਿ ਏਜੰਸੀ ਨੇ ਮਾਮਲੇ ਦੀ ਜਾਂਚ ਦੇ ਆਧਾਰ ’ਤੇ ਅਨਮੋਲ ਦੀ ਹਿਰਾਸਤ ਸੱਤ ਦਿਨ ਹੋਰ ਵਧਾਉਣ ਦੀ ਬੇਨਤੀ ਕੀਤੀ, ਜਿਸ ਨੂੰ ਜੱਜ ਨੇ ਸਵੀਕਾਰ ਕਰ ਲਿਆ।
ਦੱਸ ਦਈਏ ਕਿ NCP ਦੇ ਆਗੂ ਬਾਬਾ ਸਿੱਦੀਕੀ ਦੀ ਹੱਤਿਆ, ਅਪਰੈਲ 2024 ਵਿੱਚ ਅਦਾਕਾਰ ਸਲਮਾਨ ਖਾਨ ਦੇ ਘਰ ’ਤੇ ਗੋਲੀਬਾਰੀ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਅਤੇ ਹੋਰ ਅਪਰਾਧਾਂ ਦੇ ਸਿਲਸਿਲੇ ਵਿੱਚ ਅਨਮੋਲ ਬਿਸ਼ਨੋਈ ਦੀ ਲੋੜ ਸੀ। ਉਸਨੂੰ 18 ਨਵੰਬਰ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਸੀ। ਅਨਮੋਲ ਨੂੰ ਪਿਛਲੇ ਸਾਲ ਨਵੰਬਰ ਵਿੱਚ ਅਮਰੀਕਾ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ।
ਪਟਿਆਲਾ ਹਾਊਸ ਕੋਰਟ ਵਿੱਚ ਇੱਕ ਵਿਸ਼ੇਸ਼ ਜੱਜ ਦੇ ਸਾਹਮਣੇ 18 ਨਵੰਬਰ ਨੂੰ ਪੇਸ਼ ਕੀਤੇ ਜਾਣ ਤੋਂ ਬਾਅਦ, ਉਸਨੂੰ 11 ਦਿਨਾਂ ਲਈ ਐੱਨ.ਆਈ.ਏ. ਦੀ ਹਿਰਾਸਤ ਵਿੱਚ ਭੇਜਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਅਨਮੋਲ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਅਤੇ ਕਰੀਬੀ ਸਹਿਯੋਗੀ ਹੈ।
