ਦਿੱਲੀ ਕਮੇਟੀ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਹਤ ਸਮੱਗਰੀ ਦੇ ਚਾਰ ਹੋਰ ਟਰੱਕ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਵਾਨਾ ਕੀਤੇ ਗਏ ਹਨ। ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਵੱਲੋਂ ਇਨ੍ਹਾਂ ਟਰੱਕਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਕਾਲਕਾ ਤੇ ਕਾਹਲੋਂ ਨੇ ਦੱਸਿਆ ਕਿ ਪੰਜਾਬ ਦੇ ਅਜਨਾਲਾ ਅਤੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਨੇ ਰਾਹਤ ਸਮੱਗਰੀ ਵਾਸਤੇ ਕੈਂਪ ਲਗਾਏ ਹੋਏ ਹਨ। ਕੈਂਪ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਲੰਟੀਅਰਾਂ ਨੂੰ ਲੋਕ ਜੋ ਵੀ ਦੱਸਦੇ ਹਨ, ਕਿ ਉਨ੍ਹਾਂ ਨੂੰ ਜੋ ਵੀ ਚੀਜ਼ ਲੋੜੀਂਦੀ ਹੈ, ਉਹ ਕਮੇਟੀ ਵੱਲੋਂ ਤੁਰੰਤ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਦੇਸ਼ ਵਿਦੇਸ਼ ਤੋਂ ਸੰਗਤ ਵੀ ਦਿੱਲੀ ਕਮੇਟੀ ਨੂੰ ਰਾਹਤ ਸਮੱਗਰੀ ਭੇਜਣ ਲਈ, ਪੰਜਾਬ ਦੇ ਹੜ੍ਹ ਪੀੜ੍ਹਤਾਂ ਤੱਕ ਪਹੁੰਚਾਉਣ ਲਈ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਸਮੱਗਰੀ ਸਾਡੇ ਕੋਲ ਆ ਰਹੀ ਹੈ, ਉਸ ਨੂੰ ਇੱਥੇ ਸਟੋਰ ਕਰਨ ਦੀ ਥਾਂ ਤੁਰੰਤ ਪੰਜਾਬ ਵਿੱਚ ਲੋੜੀਂਦੇ ਇਲਾਕਿਆਂ ਵਾਸਤੇ ਰਵਾਨਾ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਦੱਸਿਆ ਕਿ ਪਹਿਲਾਂ ਛੇ ਟਰੱਕ ਰਾਹਤ ਸਮੱਗਰੀ ਰਵਾਨਾ ਕੀਤੀ ਗਈ ਸੀ ਅਤੇ ਚਾਰ ਟਰੱਕ ਹੋਰ ਰਵਾਨਾ ਕੀਤੇ ਗਏ ਹਨ। ਉਨ੍ਹਾਂ ਕਿਹਾ ਇਸ ਔਖ ਦੀ ਘੜੀ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਹੜ੍ਹ ਪੀੜਤਾਂ ਦੀ ਹਰ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਹਾਲਾਤ ਆਮ ਵਰਗੇ ਨਹੀਂ ਹੋ ਜਾਂਦੇ, ਇਹ ਸੇਵਾ ਜਾਰੀ ਰਹੇਗੀ।