ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਮਾਗਮਾਂ ਦੇ ਸਬੰਧ ਵਿੱਚ ਵਿਸ਼ੇਸ਼ ਗਤਕਾ ਮੁਕਾਬਲੇ ਕਰਵਾਏ ਜਿਨ੍ਹਾਂ ਵਿੱਚ ਦੇਸ਼ ਭਰ ਤੋਂ ਆਈਆਂ ਵੱਖ-ਵੱਖ ਗਤਕਾ ਟੀਮਾਂ ਨੇ ਜੌਹਰ ਦਿਖਾਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਇਨ੍ਹਾਂ ਮੁਕਾਬਲਿਆਂ ਦੌਰਾਨ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ। ਦਿੱਲੀ ਕਮੇਟੀ ਵੱਲੋਂ ਦਿੱਲੀ ਸਰਕਾਰ ਨਾਲ ਮਿਲ ਕੇ ਲਾਲ ਕਿਲੇ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਧਾਰਮਿਕ ਖਾਸੇ ਤਹਿਤ ਕੌਮ ਨੂੰ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ ਸੰਦੇਸ਼ ਦੇਣ ਦੀ ਕੋਸ਼ਿਸ਼ ਸਿੱਖ ਕੌਮ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ। ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਉਨ੍ਹਾਂ ਲਈ ਵਡਭਾਗਾ ਦਿਨ ਹੈ ਕਿ ਕੌਮ ਦੇ ਸਮਾਗਮ ਵਿੱਚ ਸ਼ਾਮਲ ਹੋਏ ਹਨ।
ਹਰਮੀਤ ਸਿੰਘ ਕਾਲਕਾ ਨੇ ਸੰਗਤ ਨੂੰ ਪਰਿਵਾਰਾਂ ਸਮੇਤ ਅਪੀਲ ਵਿੱਚ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਦੇ 350ਵੇਂ ਯਾਦਗਾਰੀ ਦਿਹਾੜੇ ਨੂੰ ਸਮਰਪਿਤ ਲਾਲ ਕਿਲਾ ਮੈਦਾਨ ਵਿੱਚ 23, 24 ਅਤੇ 25 ਨਵੰਬਰ ਨੂੰ ਕਰਵਾਏ ਜਾ ਰਹੇ ਇਤਿਹਾਸਕ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ। ਉਨ੍ਹਾਂ ਨੇ ਦੱਸਿਆ ਕਿ ਇਹ ਸਮਾਗਮ ਆਉਣ ਵਾਲੀਆਂ ਪੀੜ੍ਹੀਆਂ ਨੂੰ ਧਰਮ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਗੁਰੂ ਸਾਹਿਬਾਨ ਦੇ ਯੋਗਦਾਨ ਨਾਲ ਰੂ ਬ ਰੂ ਕਰਵਾਉਣ ਦਾ ਸੁਨਹਿਰਾ ਮੌਕਾ ਦਿੰਦੇ ਹਨ। ਕਾਲਕਾ ਨੇ ਸੰਗਤ ਨੂੰ ਅਪੀਲ ਕੀਤੀ ਕਿ ਲਾਲ ਕਿਲੇ ’ਤੇ ਹੋਣ ਵਾਲੇ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਜਾਵੇ।

