ਦਿੱਲੀ ਕਮੇਟੀ ਵੱਲੋਂ ਪੰਜਾਬ ਵਿੱਚ ਦੂਜਾ ਰਾਹਤ ਕੇਂਦਰ ਸਥਾਪਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਪੰਜਾਬ ਵਿਚ ਦੂਜਾ ਰਾਹਤ ਕੇਂਦਰ ਅਜਨਾਲਾ ਵਿਖੇ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਡੇਰਾ ਪਠਾਣਾ ਪਿੰਡ ਦੇ ਵਿਚ ਪਿਛਲੇ ਦਸ ਦਿਨਾਂ ਤੋਂ ਲੰਗਰ ਸੇਵਾ ਕਮੇਟੀ ਵੱਲੋ ਚਲਾਈ ਜਾ ਰਹੀ ਹੈ। ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋੋਂ ਨੇ ਦੱਸਿਆ ਕਿ ਕਮੇਟੀ ਵੱਲੋਂ ਬਕਾਇਦਾ ਸਟਾਫ ਭੇਜ ਕੇ ਪੰਜਾਬ ਦੇ ਹੜ੍ਹ ਪੀੜਤਾਂ ਦੇ ਲਈ ਲੰਗਰ ਸੇਵਾ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਪੀਣ ਦਾ ਪਾਣੀ, ਦਵਾਈਆਂ, ਸੁੱਕਾ ਰਾਸ਼ਨ ਅਤੇ ਹੋਰ ਜ਼ਰੂਰਤ ਦਾ ਸਾਮਾਨ ਲਗਾਤਾਰ ਭੇਜਿਆ ਜਾ ਰਿਆ ਹੈ। ਸ੍ਰੀ ਕਾਲਕਾ ਅਤੇ ਸ੍ਰੀ ਕਾਹਲੋਂ ਦੇ ਨਾਲ ਹੋਰ ਕਮੇਟੀ ਮੈਂਬਰ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਜਾ ਕੇ ਮਦਦ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਲੋੜੀਂਦਾ ਹਰ ਸਮਾਨ ਇਨ੍ਹਾਂ ਰਾਹਤ ਕੈਂਪਾਂ ਵਿਚ ਹੜ੍ਹ ਪੀੜਤਾਂ ਵਾਸਤੇ ਰੱਖਿਆ ਗਿਆ ਹੈ. ਜੋ ਕਿਸ਼ਤੀਆਂ ਅਤੇ ਹੋਰ ਸਾਧਨਾਂ ਰਾਹੀਂ ਪਿੰਡਾਂ ਵਿਚ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਜਨਾਲਾ ਵਿਚ ਰਮਦਾਸ ਰੋਡ ’ਤੇ ਇਹ ਕੇਂਦਰ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਮੇਟੀ ਵੱਲੋਂ ਡੇਰਾ ਬਾਬਾ ਨਾਨਕ ਵਿਚ ਪਹਿਲਾ ਕੈਂਪ ਸਥਾਪਿਤ ਕੀਤਾ ਗਿਆ ਸੀ. ਜਿਸ ਰਾਹੀਂ ਗੁਰਦਾਸਪੁਰ ਜ਼ਿਲ੍ਹੇ ਵਿਚ ਰਾਹਤ ਕਾਰਜਾਂ ਵਾਸਤੇ ਲੋੜੀਂਦੀ ਸਮੱਗਰੀ ਹੜ੍ਹ ਪੀੜਤਾਂ ਤੱਕ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸੰਗਤ ਪੰਜਾਬ ਵਿਚ ਹੜ੍ਹਾਂ ਵਿਚ ਫਸੇ ਲੋਕਾਂ ਦੀ ਸੇਵਾ ਵਾਸਤੇ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ।