ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਮਿਲੀ ‘ਜ਼ੈੱਡ’ ਸੁਰੱਖਿਆ
ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਉਨ੍ਹਾਂ ’ਤੇ ਹੋਏ ਹਮਲੇ ਤੋਂ ਇਕ ਦਿਨ ਮਗਰੋੋਂ CRPF ਜਵਾਨਾਂ ਵਾਲੀ ‘Z’ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਹੈ। ਮੰਤਰਾਲੇ ਦੇ ਸੂਤਰਾਂ ਅਨੁਸਾਰ ਨਵੇਂ ਸੁਰੱਖਿਆ ਪ੍ਰਬੰਧ 19 ਅਗਸਤ ਦੀ ਸ਼ਾਮ ਨੂੰ ਲਾਗੂ ਕੀਤੇ ਗਏ ਸਨ। ਹੁਣ ਤੱਕ, ਗੁਪਤਾ ਦਿੱਲੀ ਪੁਲੀਸ ਦੇ ਸੁਰੱਖਿਆ ਕਵਰ ਅਧੀਨ ਸਨ। ਉਨ੍ਹਾਂ ਨੂੰ 'Z' ਸ਼੍ਰੇਣੀ ਦਾ ਸੁਰੱਖਿਆ ਕਵਰ ਪ੍ਰਦਾਨ ਕਰਨ ਦਾ ਫੈਸਲਾ ਦਿੱਲੀ ਦੀ ਮੁੱਖ ਮੰਤਰੀ ਨੂੰ ਪ੍ਰਦਾਨ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਤੋਂ ਬਾਅਦ ਲਿਆ ਗਿਆ ਸੀ।
ਗੁਪਤਾ ’ਤੇ ਬੁੱਧਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ਉੱਤੇ ‘ਜਨ ਸੁਣਵਾਈ' ਦੌਰਾਨ ਗੁਜਰਾਤ ਦੇ ਇੱਕ ਵਿਅਕਤੀ ਨੇ ਹਮਲਾ ਕੀਤਾ, ਜੋ ਸ਼ਿਕਾਇਤਕਰਤਾ ਵਜੋਂ ਪੇਸ਼ ਹੋ ਕੇ ਜਨਤਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਇਆ ਸੀ।
ਗੱਲਬਾਤ ਦੌਰਾਨ ਹਮਲਾਵਰ, ਜਿਸ ਦੀ ਪਛਾਣ ਰਾਜੇਸ਼ਭਾਈ ਖੀਮਜੀਭਾਈ ਸਾਕਾਰੀਆ(41) ਵਜੋਂ ਦੱਸੀ ਗਈ ਹੈ, ਨੇ ਮੁੱਖ ਮੰਤਰੀ ਕੋਲ ਪਹੁੰਚ ਕੀਤੀ। ਉਨ੍ਹਾਂ ਨੂੰ ਕੁਝ ਕਾਗਜ਼ਾਤ ਦਿੱਤੇ ਅਤੇ ਫਿਰ ਅਚਾਨਕ ਉਨ੍ਹਾਂ ਦਾ ਹੱਥ ਫੜ ਲਿਆ ਅਤੇ ਉਨ੍ਹਾਂ ਦੇ ਵਾਲ ਖਿੱਚਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਦਿੱਲੀ ਪੁਲੀਸ ਨੇ ਉਸ ਵਿਅਕਤੀ ’ਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਹਨ।
'ਜ਼ੈੱਡ' ਸ਼੍ਰੇਣੀ ਦੇ ਸੁਰੱਖਿਆ ਕਵਰ ਤਹਿਤ ਮੁੱਖ ਮੰਤਰੀ ਦੀ ਸੁਰੱਖਿਆ ਲਈ ਹੁਣ 18 ਤੋਂ 20 ਕਰਮਚਾਰੀ ਨਿਯੁਕਤ ਕੀਤੇ ਗਏ ਹਨ, ਜਿਸ ਵਿੱਚ ਨਿੱਜੀ ਸੁਰੱਖਿਆ ਅਧਿਕਾਰੀ, ਐਸਕਾਰਟ ਅਤੇ ਇੱਕ ਪਾਇਲਟ ਸ਼ਾਮਲ ਹਨ। ‘ਜ਼ੈੱਡ ਪਲੱਸ’ ਸੁਰੱਖਿਆ ਵਾਲੇ ਵਿਅਕਤੀ ਕੋਲ ‘ਜ਼ੈੱਡ ਸ਼੍ਰੇਣੀ’ ਵਿੱਚ ਕਰਮਚਾਰੀਆਂ ਦੀ ਗਿਣਤੀ ਦੁੱਗਣੀ ਹੁੰਦੀ ਹੈ, ਨਾਲ ਹੀ ਉਨ੍ਹਾਂ ਦੇ ਘਰ ਅਤੇ ਕਾਫਲੇ ਲਈ ਵਧੀਆਂ ਸੁਰੱਖਿਆ ਵਿਵਸਥਾਵਾਂ ਹੁੰਦੀਆਂ ਹਨ।