‘ਜਨ ਸੁਣਵਾਈ’ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਹਮਲਾ
ਭਾਜਪਾ ਨੇ ਕਿਹਾ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਅੱਜ ਸਵੇਰੇ ਸਿਵਲ ਲਾਈਨਜ਼ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ‘ਜਨ ਸੁਣਵਾਈ’ ਪ੍ਰੋਗਰਾਮ ਦੌਰਾਨ ਕਥਿਤ ਹਮਲਾ ਕੀਤਾ ਗਿਆ।
ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਹਫਤਾਵਾਰੀ ‘ਜਨ ਸੁਣਵਾਈ’ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ’ਤੇ ਹੋਏ ‘ਹਮਲੇ’ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪਾਰਟੀ ਸੂਤਰਾਂ ਨੇ ਕਿਹਾ ਕਿ ਗੁਪਤਾ ’ਤੇ ਕਰੀਬ 35 ਸਾਲ ਉਮਰ ਦੇ ਇੱਕ ਵਿਅਕਤੀ ਨੇ ‘ਹਮਲਾ’ ਕੀਤਾ। ਉਨ੍ਹਾਂ ਕਿਹਾ ਕਿ ਹਮਲਾਵਰ ਨੇ ਪਹਿਲਾਂ ਮੁੱਖ ਮੰਤਰੀ ਨੂੰ ਜਨਤਕ ਸੁਣਵਾਈ ਦੌਰਾਨ ਕੁਝ ਕਾਗਜ਼ਾਤ ਦਿੱਤੇ ਅਤੇ ਫਿਰ ਕਥਿਤ ਤੌਰ ’ਤੇ ਉਨ੍ਹਾਂ ਉੱਤੇ ਹਮਲਾ ਕੀਤਾ। ਮੁਲਜ਼ਮ ਦੀ ਪਛਾਣ 41 ਸਾਲਾ ਰਾਜੇਸ਼ ਖੀਮਜੀ ਵਜੋਂ ਹੋਈ ਹੈ, ਜੋ ਕਿ ਰਾਜਕੋਟ, ਗੁਜਰਾਤ ਦਾ ਰਹਿਣ ਵਾਲਾ ਹੈ।
ਪੁਲੀਸ ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਸੀਪੀ ਉੱਤਰੀ ਰਾਜਾ ਬੰਠੀਆ ਸਮੇਤ ਸੀਨੀਅਰ ਪੁਲੀਸ ਅਧਿਕਾਰੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪਹੁੰਚ ਗਏ।
ਭਾਜਪਾ ਦਿੱਲੀ ਦੇ ਮੁਖੀ ਵੀਰੇਂਦਰ ਸਚਦੇਵਾ ਨੇ ਕਿਹਾ ਕਿ ਮੁੱਖ ਮੰਤਰੀ ਠੀਕ ਹਨ ਅਤੇ ਉਨ੍ਹਾਂ ਦੇ ਮੱਥੇ ’ਤੇ ਮਾਮੂਲੀ ਸੱਟ ਲੱਗੀ ਹੈ। ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ। ਸਚਦੇਵਾ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਨਿਰਧਾਰਿਤ ਪ੍ਰੋਗਰਾਮਾਂ ਨੂੰ ਜਾਰੀ ਰੱਖਣਗੇ। ਸਚਦੇਵਾ ਨੇ ਕਿਹਾ ਕਿ ਜਾਂਚ ਤੋਂ ਹਮਲੇ ਪਿਛਲੇ ਅਸਲ ਕਾਰਨ ਦਾ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਇਹ ਹਮਲਾ ‘ਜਨ ਸੁਣਵਾਈ’ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਹਮਲੇ ਮਗਰੋਂ ਸ਼ਹਿਰ ਭਰ ਦੇ ਸਿਆਸਤਦਾਨਾਂ ਨੇ ਹਮਲੇ ਦੀ ਨਿੰਦਾ ਕੀਤੀ ਹੈ।
ਦਿੱਲੀ ਸਰਕਾਰ ’ਚ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਂ ਮਾਣਯੋਗ ਮੁੱਖ ਮੰਤਰੀ ਰੇਖਾ ਗੁਪਤਾ ਜੀ ’ਤੇ ਜਨਤਕ ਸੁਣਵਾਈ ਦੌਰਾਨ ਹੋਏ ਕਾਇਰਾਨਾ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਲੋਕਾਂ ਨਾਲ ਉਨ੍ਹਾਂ ਦਾ ਨਿਡਰ ਸੰਪਰਕ ਅਤੇ ਜਨਤਕ ਸੇਵਾ ਪ੍ਰਤੀ ਅਟੁੱਟ ਵਚਨਬੱਧਤਾ ਸਪੱਸ਼ਟ ਤੌਰ ’ਤੇ ਵਿਰੋਧੀ ਧਿਰ ਨੂੰ ਪਰੇਸ਼ਾਨ ਕਰਦੀ ਹੈ, ਜੋ ਅਜਿਹੀਆਂ ਸ਼ਰਮਨਾਕ ਚਾਲਾਂ ’ਤੇ ਉਤਰ ਆਈ ਹੈ। ਉਨ੍ਹਾਂ ਦੀ ਸੁਰੱਖਿਆ ਅਤੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ।’’
ਇਸੇ ਤਰ੍ਹਾਂ ਦਿੱਲੀ ਅਸੈਂਬਲੀ ਵਿਚ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਵੀ ਹਮਲੇ ਦੀ ਨਿੰਦਾ ਕੀਤੀ। ਆਤਿਸ਼ੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਹਮਲਾ ਬਹੁਤ ਨਿੰਦਣਯੋਗ ਹੈ। ਲੋਕਤੰਤਰ ਵਿੱਚ, ਅਸਹਿਮਤੀ ਅਤੇ ਵਿਰੋਧ ਲਈ ਜਗ੍ਹਾ ਹੁੰਦੀ ਹੈ, ਪਰ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੁੰਦੀ। ਉਮੀਦ ਹੈ ਕਿ ਦਿੱਲੀ ਪੁਲੀਸ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰੇਗੀ। ਉਮੀਦ ਹੈ ਕਿ ਮੁੱਖ ਮੰਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।’’
ਇਸੇ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਦੁਹਰਾਉਂਦੇ ਹੋਏ, ਦਿੱਲੀ ਕਾਂਗਰਸ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਵੀ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ, ‘‘ਜ਼ਿੰਮੇਵਾਰਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਪਰ ਇਹ ਇਸ ਗੱਲ ਨੂੰ ਵੀ ਦਰਸਾਉਂਦਾ ਹੈ ਕਿ ਦਿੱਲੀ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੈ, ਸਿਰਫ਼ ਔਰਤਾਂ ਹੀ ਨਹੀਂ, ਸਗੋਂ ਕੋਈ ਵੀ। ਜਿਸ ਤਰ੍ਹਾਂ ਦੇ ਵਿਵਹਾਰ ਅਤੇ ਦੁਖਦਾਈ ਘਟਨਾ ਦਾ ਰੇਖਾ ਨੇ ਸਾਹਮਣਾ ਕੀਤਾ ਹੈ, ਉਸ ਦੀ ਸਖ਼ਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਮੈਂ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਜਾਗਣ ਦਾ ਸਮਾਂ ਆ ਗਿਆ ਹੈ, ਅਤੇ ਦਿੱਲੀ ਦੇ ਕਾਨੂੰਨਾਂ ਅਤੇ ਔਰਤਾਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।’’
ਉਧਰ ਹਮਲੇ ਦੇ ਇੱਕ ਚਸ਼ਮਦੀਦ ਨੇ ਕਿਹਾ, ‘‘ਮੈਂ ਜਨ ਸੁਣਵਾਈ ਲਈ ਉੱਥੇ ਸੀ, ਅਤੇ ਅਚਾਨਕ ਹਫੜਾ-ਦਫੜੀ ਮਚ ਗਈ। ਅਚਾਨਕ ਮੁੱਖ ਮੰਤਰੀ 'ਤੇ ਹਮਲਾ ਹੋਇਆ, ਹਮਲਾਵਰ ਤਿਆਰ ਸੀ। ਇਹ ਬਹੁਤ ਸ਼ਰਮਨਾਕ ਕਾਰਵਾਈ ਹੈ।’’