Delhi car blast: 9 ਐੱਮਐੱਮ ਦੇ ਕਾਰਤੂਸ ਬਰਾਮਦ, ਧਮਾਕੇ ਵਾਲੀ ਥਾਂ ਤੋਂ ਨਹੀਂ ਮਿਲਿਆ ਪਿਸਤੌਲ
ਪੁਲੀਸ ਮੁਤਾਬਕ ਇਹ ਕਾਰਤੂਸ ਆਮ ਕਰਕੇ ਹਥਿਆਰਬੰਦ ਬਲਾਂ ਜਾਂ ਵਿਸ਼ੇਸ਼ ਇਜਾਜ਼ਤ ਵਾਲੇ ਲੋਕਾਂ ਕੋਲ ਹੀ ਹੁੰਦੇ ਹਨ
ਦਿੱਲੀ ਪੁਲੀਸ ਵਿਚਲੇ ਸੂਤਰਾਂ ਨੇ ਲਾਲ ਕਿਲ੍ਹੇ ਨੇੜੇ ਕਾਰ ਧਮਾਕੇੇ ਵਾਲੀ ਥਾਂ ਤੋਂ ਤਿੰਨ ਕਾਰਤੂਸ, ਜਿਨ੍ਹਾਂ ਵਿਚ ਦੋ ਜ਼ਿੰਦਾ ਤੇ ਇਕ ਖਾਲੀ ਸੀ, ਮਿਲਣ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਨੇ ਕਿਹਾ ਕਿ 9 ਐੱਮਐੱਮ ਕੈਲੀਬਰ ਦੇ ਇਹ ਕਾਰਤੂਸ ਇਕ ਅਜਿਹੇ ਹਥਿਆਰ ਦੇ ਹਨ, ਜੋ ਕੋਈ ਆਮ ਨਾਗਰਿਕ ਨਹੀਂ ਰੱਖ ਸਕਦਾ ਹੈ। ਇਹ ਕਾਰਤੂਸ ਆਮ ਕਰਕੇ ਹਥਿਆਰਬੰਦ ਬਲਾਂ ਜਾਂ ਵਿਸ਼ੇਸ਼ ਇਜਾਜ਼ਤ ਵਾਲੇ ਲੋਕਾਂ ਕੋਲ ਹੀ ਹੁੰਦੇ ਹਨ।
ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਾਰਤੂਸ ਬਰਾਮਦ ਹੋਣ ਦੇ ਬਾਵਜੂਦ, ਘਟਨਾ ਸਥਾਨ ਤੋਂ ਕੋਈ ਵੀ ਪਿਸਤੌਲ ਜਾਂ ਇਸ ਦਾ ਕੋਈ ਵੀ ਹਿੱਸਾ ਨਹੀਂ ਮਿਲਿਆ। ਪੁਲੀਸ ਨੇ ਕਿਹਾ, ‘‘ਇਹ ਕਾਰਤੂਸ ਆਮ ਤੌਰ ’ਤੇ ਸਿਰਫ ਹਥਿਆਰਬੰਦ ਬਲਾਂ ਜਾਂ ਵਿਸ਼ੇਸ਼ ਇਜਾਜ਼ਤ ਵਾਲੇ ਲੋਕਾਂ ਕੋਲ ਹੁੰਦੇ ਹਨ।’’ ਅਧਿਕਾਰੀ ਨੇ ਕਿਹਾ ਕਿ ਉਹ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਕਾਰਤੂਸ ਉੱਥੇ ਕਿਵੇਂ ਆਏ, ਅਤੇ ਕੀ ਇਹ ਧਮਾਕੇ ਦੇ ਮਸ਼ਕੂਕ ਕੋਲ ਸਨ।
ਧਮਾਕੇ ਵਾਲੀ ਥਾਂ ਤੋਂ 9 ਐਮਐਮ ਕਾਰਤੂਸਾਂ ਦੀ ਬਰਾਮਦਗੀ ਨੇ ਜਾਂਚ ਵਿੱਚ ਇੱਕ ਨਵਾਂ ਪਹਿਲੂ ਜੋੜ ਦਿੱਤਾ ਹੈ ਕਿਉਂਕਿ ਮੌਜੂਦਾ ਸਮੇਂ ਅਧਿਕਾਰੀ ਵਿਸਫੋਟਕਾਂ ਦੇ ਸਰੋਤ ਦੇ ਨਾਲ ਇਹ ਜਾਂਚ ਵੀ ਕਰ ਰਹੇ ਹਨ ਕੀ ਇਹ ਕਿਸੇ ਅਤਿਵਾਦੀ ਜਾਂ ਅਪਰਾਧਿਕ ਨੈੱਟਵਰਕ ਨਾਲ ਜੁੜਿਆ ਹੋਇਆ ਸੀ। ਸੁਰੱਖਿਆ ਏਜੰਸੀਆਂ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਅਤੇ ਧਮਾਕੇ ਵਾਲੀ ਥਾਂ ਤੋਂ ਫੋਰੈਂਸਿਕ ਸਬੂਤ ਇਕੱਠੇ ਕੀਤੇ। ਕੌਮੀ ਰਾਜਧਾਨੀ ਵਿੱਚ 10 ਨਵੰਬਰ ਨੂੰ ਲਾਲ ਕਿਲ੍ਹਾ ਕੰਪਲੈਕਸ ਨੇੜੇ ਹੋਏ ਧਮਾਕੇ ਵਿੱਚ ਹੁਣ ਤੱਕ 13 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ।

