ਦਿੱਲੀ: 2 ਸੀਆਰਪੀਐੱਫ ਸਕੂਲਾਂ ਨੂੰ ਬੰਬ ਦੀ ਧਮਕੀ, ਅਫਵਾਹ ਕਰਾਰ
ਰਾਸ਼ਟਰੀ ਰਾਜਧਾਨੀ ਦੇ ਦੋ ਸੀਆਰਪੀਐੱਫ (CRPF) ਵੱਲੋਂ ਚਲਾਏ ਜਾ ਰਹੇ ਸਕੂਲਾਂ ਨੂੰ ਮੰਗਲਵਾਰ ਸਵੇਰੇ ਬੰਬ ਦੀ ਧਮਕੀ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਨੇ ਪੁਲੀਸ ਕੰਟਰੋਲ ਰੂਮ (PCR) ਨੂੰ ਫੋਨ ਕਰਕੇ ਦਾਅਵਾ ਕੀਤਾ ਕਿ ਸਕੂਲ ਦੇ ਅਹਾਤੇ ਵਿੱਚ...
ਸਵੇਰੇ 9 ਵਜੇ ਦੇ ਕਰੀਬ ਕੀਤੇ ਗਏ ਇਸ ਫ਼ੋਨ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਪ੍ਰਸ਼ਾਂਤ ਵਿਹਾਰ ਅਤੇ ਦਵਾਰਕਾ ਵਿੱਚ ਸਥਿਤ ਸੀਆਰਪੀਐੱਫ ਸਕੂਲਾਂ ਵਿੱਚ ਬੰਬ ਰੱਖੇ ਗਏ ਹਨ, ਜਿਸ ਕਾਰਨ ਸਥਾਨਕ ਪੁਲੀਸ, ਬੰਬ ਨਿਰੋਧਕ ਦਸਤਿਆਂ ਅਤੇ ਦਿੱਲੀ ਫਾਇਰ ਸਰਵਿਸਿਜ਼ ਨੂੰ ਤੁਰੰਤ ਤਾਇਨਾਤ ਕੀਤਾ ਗਿਆ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ, ‘‘ਕਾਲ ਪ੍ਰਾਪਤ ਹੋਣ ਤੋਂ ਬਾਅਦ, ਟੀਮਾਂ ਨੂੰ ਦੋਵਾਂ ਥਾਵਾਂ 'ਤੇ ਭੇਜਿਆ ਗਿਆ ਅਤੇ ਸਾਵਧਾਨੀ ਵਜੋਂ ਸਕੂਲ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ।’’
ਉਨ੍ਹਾਂ ਦੱਸਿਆ ਕਿ ਧਮਕੀ ਦੇਣ ਤੋਂ ਤੁਰੰਤ ਬਾਅਦ ਕਾਲ ਕਰਨ ਵਾਲੇ ਦਾ ਫੋਨ ਬੰਦ ਹੋ ਗਿਆ ਅਤੇ ਉਸ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਦਿੱਲੀ ਫਾਇਰ ਸਰਵਿਸਿਜ਼ ਦੇ ਇੱਕ ਅਧਿਕਾਰੀ ਨੇ ਕਿਹਾ, "ਅਸੀਂ ਸਕੂਲਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ, ਅਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ। ਧਮਕੀ ਨੂੰ ਇੱਕ ਅਫਵਾਹ ਕਰਾਰ ਦਿੱਤਾ ਗਿਆ ਹੈ।’’
ਅਧਿਕਾਰੀ ਨੇ ਅੱਗੇ ਕਿਹਾ ਕਿ ਪੁਲੀਸ ਵੱਲੋਂ ਕਾਲ ਕਰਨ ਵਾਲੇ ਦੀ ਪਛਾਣ ਕਰਨ ਅਤੇ ਝੂਠੀ ਧਮਕੀ ਦੇ ਪਿੱਛੇ ਦੇ ਇਰਾਦੇ ਦਾ ਪਤਾ ਲਗਾਉਣ ਲਈ ਕਾਲ ਰਿਕਾਰਡਾਂ ਅਤੇ ਤਕਨੀਕੀ ਵੇਰਵਿਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।

