ਦਿੱਲੀ ਧਮਾਕਾ: ਦਹਿਸ਼ਤੀ ਮਾਡਿਊਲ ਵਿੱਚ ਔਰਤਾਂ ਨੂੰ ਭਰਤੀ ਕਰਨ ਦੀ ਸੀ ਯੋਜਨਾ
ਐਨਆੲੀਏ ਦੀ ਪੁੱਛਗਿੱਛ ਦੌਰਾਨ ਸ਼ਾਹੀਨ ਨੇ ਕੀਤਾ ਖੁਲਾਸਾ
ਦਿੱਲੀ ਦੇ ਲਾਲ ਕਿਲਾ ਨੇੜੇ ਹੋਏ ਧਮਾਕੇ ਦੀ ਪੁਲੀਸ ਤੇ ਜਾਂਚ ਏਜੰਸੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਤਫ਼ਤੀਸ਼ ਦੌਰਾਨ ਡਾ. ਸ਼ਾਹੀਨ ਨੂੰ ਅਲ-ਫਲਾਹ ਯੂਨੀਵਰਸਿਟੀ ਦੇ ਉਸ ਦੇ ਹੋਸਟਲ ਕਮਰੇ ਵਿੱਚ ਲਿਜਾਇਆ ਗਿਆ। ਅਲ-ਫਲਾਹ ਯੂਨੀਵਰਸਿਟੀ ਦੀ ਸਾਬਕਾ ਡਾਕਟਰ ਅਤੇ ਦਿੱਲੀ ਧਮਾਕੇ ਦੀ ਮੁਲਜ਼ਮ ਡਾ. ਸ਼ਾਹੀਨ ਸਈਦ ਨੇ ਖੁਲਾਸਾ ਕੀਤਾ ਕਿ ਉਸ ਦਾ ਮਿਸ਼ਨ ਦੇਸ਼ ਵਿੱਚ ਦਹਿਸ਼ਤ ਫੈਲਾਉਣ ਲਈ ਇੱਕ ਦਹਿਸ਼ਤੀ ਮਾਡਿਊਲ ਬਣਾਉਣਾ ਸੀ। ਉਸ ਨੇ ਇਸ ਮਕਸਦ ਲਈ ਔਰਤਾਂ ਨੂੰ ਭਰਤੀ ਕਰਨ ਦੀ ਵੀ ਯੋਜਨਾ ਬਣਾਈ ਸੀ। ਐਨਆਈਏ ਅਤੇ ਪੁਲੀਸ ਸੂਤਰਾਂ ਨੇ ਕਿਹਾ ਕਿ ਉਸ ਨੇ ਇਹ ਖੁਲਾਸਾ ਉਸ ਸਮੇਂ ਕੀਤਾ ਜਦੋਂ ਉਸ ਨੂੰ ਜਾਂਚ ਏਜੰਸੀ ਦੇਰ ਸ਼ਾਮ ਯੂਨੀਵਰਸਿਟੀ ਕੈਂਪਸ ਲੈ ਕੇ ਗਈ। ਜਾਂਚ ਤੋਂ ਪਤਾ ਲੱਗਾ ਕਿ ਡਾ. ਮੁਜ਼ਮਿਲ ਅਤੇ ਡਾ. ਸ਼ਾਹੀਨ ਨੇ ਖੋਰੀ ਜਮਾਲਪੁਰ ਪਿੰਡ ਵਿੱਚ ਵਿਆਹ ਕੀਤਾ ਸੀ ਜਿੱਥੇ ਮੁਜ਼ਮਿਲ ਨੇ ਪਿੰਡ ਦੇ ਸਾਬਕਾ ਸਰਪੰਚ ਜੁੰਮਾ ਖਾਨ ਦਾ ਘਰ ਸਿਰਫ਼ ਵਿਆਹ (ਨਿਕਾਹ) ਲਈ ਕਿਰਾਏ ’ਤੇ ਲਿਆ ਸੀ। ਸਮਾਰੋਹ ਵਿੱਚ ਡਾ. ਉਮਰ ਸਣੇ ਲਗਪਗ 10-12 ਵਿਅਕਤੀ ਮੌਜੂਦ ਸਨ। ਸ਼ਾਹੀਨ ਨੇ ਜਾਂਚ ਏਜੰਸੀ ਨੂੰ ਇਨ੍ਹਾਂ ਦੇ ਨਾਮ ਦੱਸੇ।
ਐਨਆਈਏ ਦੀ ਟੀਮ ਵੀਰਵਾਰ ਨੂੰ ਉਸ ਨੂੰ ਫਰੀਦਾਬਾਦ ਲੈ ਕੇ ਆਈ ਜਿੱਥੇ ਉਸ ਨੂੰ ਉਸ ਦੀ ਪਛਾਣ ਲਈ ਅਲ-ਫਲਾਹ ਯੂਨੀਵਰਸਿਟੀ ਲਿਜਾਇਆ ਗਿਆ। ਇਸ ਤੋਂ ਪਹਿਲਾਂ ਏਜੰਸੀ ਮੁਜ਼ਮਿਲ ਨੂੰ ਪਛਾਣ ਲਈ ਲੈ ਕੇ ਆਈ ਸੀ ਅਤੇ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਏਜੰਸੀ ਡਾ. ਆਦਿਲ ਨੂੰ ਪਛਾਣ ਲਈ ਯੂਨੀਵਰਸਿਟੀ ਲਿਆ ਸਕਦੀ ਹੈ।
ਪੁਲੀਸ ਸੂਤਰਾਂ ਅਨੁਸਾਰ ਐਨਆਈਏ ਦੀ ਟੀਮ ਵੀਰਵਾਰ ਦੇਰ ਸ਼ਾਮ ਪਹਿਲਾਂ ਸ਼ਾਹੀਨ ਨੂੰ ਕਾਲਜ ਲੈ ਕੇ ਆਈ। ਟੀਮ ਉਸ ਨੂੰ ਹੋਸਟਲ ਦੀ ਇਮਾਰਤ ਵਿੱਚ ਲੈ ਗਈ ਜਿੱਥੇ ਉਹ ਕਮਰਾ ਨੰਬਰ 22 ਵਿੱਚ ਰਹਿੰਦੀ ਸੀ। ਟੀਮ ਨੇ ਸ਼ਾਹੀਨ ਤੋਂ ਹਰ ਤਰ੍ਹਾਂ ਦੀ ਜਾਣਕਾਰੀ ਇਕੱਠੀ ਕੀਤੀ, ਜਿਸ ਵਿੱਚ ਉਹ ਸਾਰਾ ਦਿਨ ਉੱਥੇ ਕੀ ਕਰਦੀ ਸੀ, ਉਸ ਨੂੰ ਕੌਣ ਮਿਲਣ ਜਾਂਦਾ ਸੀ ਅਤੇ ਉਹ ਨਿਯਮਿਤ ਤੌਰ ’ਤੇ ਕਿਸ ਨਾਲ ਗੱਲਬਾਤ ਕਰਦੀ ਸੀ। ਟੀਮ ਨੇ ਕਮਰੇ ਦੇ ਹਰ ਹਿੱਸੇ ਦਾ ਮੁਆਇਨਾ ਕੀਤਾ ਅਤੇ ਉਸ ਦੇ ਰੋਜ਼ਾਨਾ ਦੇ ਰੁਟੀਨ ਬਾਰੇ ਕਈ ਸਵਾਲ ਪੁੱਛੇ।

