Delhi Blast: ਈਡੀ ਵੱਲੋਂ ਅਲ ਫਲਾਹ ਯੂਨੀਵਰਸਿਟੀ ਨਾਲ ਸਬੰਧਤ ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲਾਲ ਕਿਲ੍ਹਾ ਖੇਤਰ ਦੇ ਅਤਿਵਾਦੀ ਧਮਾਕੇ ਦੇ ਮਾਮਲੇ ਨਾਲ ਸਬੰਧਤ ਆਪਣੀ ਜਾਂਚ ਦੇ ਹਿੱਸੇ ਵਜੋਂ ਮੰਗਲਵਾਰ ਨੂੰ ਫਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਅਤੇ ਇਸਦੇ ਪ੍ਰਮੋਟਰਾਂ ਤੇ ਸਬੰਧਤ ਵਿਅਕਤੀਆਂ ਵਿਰੁੱਧ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਸੂਤਰਾਂ ਨੇ...
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲਾਲ ਕਿਲ੍ਹਾ ਖੇਤਰ ਦੇ ਅਤਿਵਾਦੀ ਧਮਾਕੇ ਦੇ ਮਾਮਲੇ ਨਾਲ ਸਬੰਧਤ ਆਪਣੀ ਜਾਂਚ ਦੇ ਹਿੱਸੇ ਵਜੋਂ ਮੰਗਲਵਾਰ ਨੂੰ ਫਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਅਤੇ ਇਸਦੇ ਪ੍ਰਮੋਟਰਾਂ ਤੇ ਸਬੰਧਤ ਵਿਅਕਤੀਆਂ ਵਿਰੁੱਧ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ।
ਸੂਤਰਾਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਦੀਆਂ ਟੀਮਾਂ ਸਵੇਰ ਤੋਂ ਹੀ ਦਿੱਲੀ-ਐਨਸੀਆਰ (Delhi-NCR) ਵਿੱਚ ਕਈ ਥਾਵਾਂ 'ਤੇ ਤਲਾਸ਼ੀ ਲੈ ਰਹੀਆਂ ਹਨ।
ਇਹ ਸਮਝਿਆ ਜਾਂਦਾ ਹੈ ਕਿ ਈਡੀ (ED) ਇਸ ਮਾਮਲੇ ਵਿੱਚ ਐੱਨਆਈਏ (NIA) ਅਤੇ ਦਿੱਲੀ ਪੁਲੀਸ ਵੱਲੋਂ ਦਰਜ ਕੀਤੀਆਂ ਗਈਆਂ ਐੱਫਆਈਆ’ਜ਼ (FIRs) ਦਾ ਨੋਟਿਸ ਲੈਂਦੇ ਹੋਏ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਤਹਿਤ ਕਾਰਵਾਈ ਕਰ ਰਹੀ ਹੈ। ਏਜੰਸੀ ਇਸ ਮਾਮਲੇ ਵਿੱਚ ਵਿੱਤ ਅਤੇ ਕਥਿਤ ਅਤਿਵਾਦੀ ਫੰਡਿੰਗ ਦੇ ਸਬੰਧਾਂ ਦੀ ਜਾਂਚ ਕਰ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਤਲਾਸ਼ੀ ਸਵੇਰੇ 5 ਵਜੇ ਦੇ ਕਰੀਬ ਸ਼ੁਰੂ ਹੋਈ ਅਤੇ ਯੂਨੀਵਰਸਿਟੀ ਦੇ ਟਰੱਸਟੀਆਂ ’ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਤੱਕ ਐੱਨਆਈਏ (NIA) ਨੇ ਆਤਮਘਾਤੀ ਹਮਲਾਵਰ ਡਾ. ਉਮਰ ਨਬੀ ਦੇ ਕਥਿਤ ਤੌਰ ’ਤੇ ਨਜ਼ਦੀਕੀ ਦੋ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਤੋਂ ਪਹਿਲਾਂ ਦਿੱਲੀ ਪੁਲੀਸ ਨੇ ਸੋਮਵਾਰ ਨੂੰ ਯੂਨੀਵਰਸਿਟੀ ਦੇ ਚੇਅਰਮੈਨ ਜਾਵੇਦ ਅਹਿਮਦ ਸਿੱਦੀਕੀ ਨੂੰ ਦੋ ਸੰਮਨ ਜਾਰੀ ਕੀਤੇ ਸਨ। ਜਾਂਚਕਰਤਾਵਾਂ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਕੰਮਕਾਜ ਅਤੇ ਸੰਸਥਾ ਨਾਲ ਜੁੜੇ ਵਿਅਕਤੀਆਂ ਦੀਆਂ ਗਤੀਵਿਧੀਆਂ ਨਾਲ ਸਬੰਧਤ ਕਈ ਅਸੰਗਤੀਆਂ ਨੂੰ ਸਪੱਸ਼ਟ ਕਰਨ ਲਈ ਸਿੱਦੀਕੀ ਦਾ ਬਿਆਨ ਬਹੁਤ ਜ਼ਰੂਰੀ ਹੈ। ਇਸ ਤੋਂ ਪਹਿਲਾਂ ਯੂਨੀਵਰਸਿਟੀ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਪਛਾਣ ਦਿੱਲੀ ਧਮਾਕੇ ਦੇ ਮਾਮਲੇ ਵਿੱਚ ਸ਼ੱਕੀ ਵਜੋਂ ਕੀਤੀ ਗਈ ਸੀ।
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਅਤੇ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੇਸ਼ਨ ਕੌਂਸਲ (NAAC) ਵਰਗੀਆਂ ਰੈਗੂਲੇਟਰੀ ਸੰਸਥਾਵਾਂ ਵੱਲੋਂ ਸ਼ਨਿੱਚਰਵਾਰ ਨੂੰ ਰੈੱਡ ਫਲੈਗ ਉਠਾਏ ਜਾਣ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਪਹਿਲਾਂ ਹੀ ਹਰਿਆਣਾ ਸਥਿਤ ਇਸ ਯੂਨੀਵਰਸਿਟੀ ਦੇ ਖ਼ਿਲਾਫ਼ ਧੋਖਾਧੜੀ ਅਤੇ ਜਾਲਸਾਜ਼ੀ ਦੇ ਦੋ ਐਫਆਈਆਰ (FIRs) ਦਰਜ ਕਰ ਲਈਆਂ ਸਨ।

