Delhi blast case: ਅਦਾਲਤ ਨੇ ਜਸੀਰ ਬਿਲਾਲ ਨੂੰ10 ਦਿਨਾਂ ਲਈ ਐੱਨਆਈਏ ਦੀ ਹਿਰਾਸਤ ’ਚ ਭੇਜਿਆ
ਮੀਡੀਆ ਕਰਮੀਆਂ ਨੂੰ ਅਦਾਲਤ ਦੇ ਅਹਾਤੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ।
10 ਨਵੰਬਰ ਨੂੰ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਵਿੱਚ 15 ਲੋਕ ਮਾਰੇ ਗਏ ਸਨ। ਕਸ਼ਮੀਰ ਨਿਵਾਸੀ ਜਸੀਰ ਬਿਲਾਲ ਵਾਨੀ ਉਰਫ਼ ਦਾਨਿਸ਼ ਨੂੰ ਐੱਨਆਈਏ ਦੀ ਟੀਮ ਨੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਤੋਂ ਗ੍ਰਿਫ਼ਤਾਰ ਕੀਤਾ ਸੀ।
ਇੱਕ ਬਿਆਨ ਵਿੱਚ ਐੱਨਆਈਏ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ "ਜਸੀਰ ਨੇ ਕਥਿਤ ਤੌਰ ’ਤੇ ਡਰੋਨਾਂ ਵਿੱਚ ਸੋਧ ਕਰਕੇ ਅਤੇ ਰਾਕੇਟ ਬਣਾਉਣ ਦੀ ਕੋਸ਼ਿਸ਼ ਕਰਕੇ ਭਿਆਨਕ ਕਾਰ ਬੰਬ ਧਮਾਕੇ ਤੋਂ ਪਹਿਲਾਂ ਅਤਿਵਾਦੀ ਹਮਲੇ ਕਰਨ ਲਈ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਸੀ।’’
ਐੱਨਆਈਏ ਦੇ ਅਨੁਸਾਰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕਾਜ਼ੀਗੁੰਡ ਦਾ ਰਹਿਣ ਵਾਲਾ ਜਸੀਰ, ਹਮਲੇ ਦੇ ਪਿੱਛੇ ਇੱਕ ਸਰਗਰਮ ਸਹਿ-ਸਾਜ਼ਿਸ਼ਘਾੜਾ ਸੀ ਅਤੇ ਉਸ ਨੇ ਅਤਿਵਾਦੀ, ਉਮਰ-ਉਨ-ਨਬੀ ਨਾਲ ਮਿਲ ਕੇ ਇਸ ਦਹਿਸ਼ਤਗਰਦੀ ਦੀ ਯੋਜਨਾ ਬਣਾਈ ਸੀ, ਜਿਸਨੂੰ ਉਨ੍ਹਾਂ ਨੇ 10 ਨਵੰਬਰ ਨੂੰ ਸ਼ਾਮ 7 ਵਜੇ ਦੇ ਕਰੀਬ ਪ੍ਰਸਿੱਧ ਲਾਲ ਕਿਲ੍ਹੇ ਨੇੜੇ ਅੰਜਾਮ ਦਿੱਤਾ ਸੀ।
ਐਨਆਈਏ ਨੇ ਅੱਗੇ ਕਿਹਾ ਕਿ ਉਹ ਬੰਬ ਧਮਾਕੇ ਪਿੱਛੇ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਲਈ ਵੱਖ-ਵੱਖ ਪਹਿਲੂਆਂ ਦੀ ਪੜਚੋਲ ਕਰ ਰਹੀ ਹੈ। ਇਹ ਇਸ ਮਾਮਲੇ ਵਿੱਚ ਲਗਾਤਾਰ ਦੂਜੀ ਗ੍ਰਿਫ਼ਤਾਰੀ ਹੈ, ਏਜੰਸੀ ਨੇ ਐਤਵਾਰ ਨੂੰ ਪਹਿਲਾਂ ਕਸ਼ਮੀਰ ਨਿਵਾਸੀ ਆਮਿਰ ਰਸ਼ੀਦ ਅਲੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ਆਤਮਘਾਤੀ ਦਹਿਸ਼ਤਗਰਦ ਨਾਲ ਮਿਲ ਕੇ ਅਤਿਵਾਦੀ ਹਮਲੇ ਦੀ ਸਾਜ਼ਿਸ਼ ਰਚੀ ਸੀ।
