Delhi Blast: ਅਲ ਫਲਾਹ ਯੂਨੀਵਰਸਿਟੀ ਦੇ ਦੋ ਡਾਕਟਰਾਂ ਸਮੇਤ 3 ਵਿਅਕਤੀ ਹਿਰਾਸਤ ’ਚ ਲਏ
ਦਿੱਲੀ ਲਾਲ ਕਿਲੇ ਨਜ਼ਦੀਕ ਹੋਏ ਧਮਾਕਿਆਂ ਦੇ ਸਬੰਧ ਵਿੱਚ ਚੱਲ ਰਹੀ ਜਾਂਚ ਦੇ ਮੱਦੇਨਜ਼ਰ ਦਿੱਲੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਵਿੱਚ ਹਰਿਆਣਾ ਦੀ ਅਲ ਫਲਾਹ ਯੂਨੀਵਰਸਿਟੀ ਦੇ ਦੋ ਡਾਕਟਰ ਵੀ ਸ਼ਾਮਲ ਹਨ, ਜੋ ਲਾਲ ਕਿਲ੍ਹੇ ਨੇੜੇ ਧਮਾਕਾ ਕਰਨ ਵਾਲੀ ਕਾਰ ਦੇ ਡਰਾਈਵਰ ਡਾ. ਉਮਰ ਨਬੀ ਦੇ ਜਾਣਕਾਰ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਸ਼ੁੱਕਰਵਾਰ ਰਾਤ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਅਤੇ ਕੇਂਦਰੀ ਏਜੰਸੀਆਂ ਵੱਲੋਂ ਹਰਿਆਣਾ ਦੇ ਧੌਜ, ਨੂਹ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਕੀਤੇ ਗਏ ਤਾਲਮੇਲ ਵਾਲੇ ਛਾਪਿਆਂ ਦੌਰਾਨ ਕੀਤੀਆਂ ਗਈਆਂ।
ਸੂਤਰਾਂ ਅਨੁਸਾਰ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਦੀ ਮਦਦ ਨਾਲ ਸਪੈਸ਼ਲ ਸੈੱਲ ਨੇ ਨੂਹ ਤੋਂ ਅਲ ਫਲਾਹ ਯੂਨੀਵਰਸਿਟੀ ਦੇ ਦੋ ਡਾਕਟਰਾਂ – ਮੁਹੰਮਦ ਅਤੇ ਮੁਸਤਕੀਮ – ਨੂੰ ਹਿਰਾਸਤ ਵਿੱਚ ਲਿਆ ਹੈ।
ਸੂਤਰਾਂ ਨੇ ਦੱਸਿਆ ਕਿ ਕਥਿਤ ਤੌਰ ’ਤੇ ਇਹ ਦੋਵੇਂ ਡਾ. ਮੁਜ਼ੰਮਿਲ ਗਨਈ ਦੇ ਸੰਪਰਕ ਵਿੱਚ ਸਨ। ਇਹ ਡਾ. ਉਮਰ ਨਬੀ ਦੇ ਵੀ ਕਰੀਬੀ ਦੋਸਤ ਸਨ।
ਮੁਢਲੀ ਪੁੱਛਗਿੱਛ ਵਿੱਚ ਖੁਲਾਸਾ ਹੋਇਆ ਕਿ ਹਿਰਾਸਤ ਵਿੱਚ ਲਏ ਗਏ ਡਾਕਟਰਾਂ ਵਿੱਚੋਂ ਇੱਕ ਧਮਾਕੇ ਵਾਲੇ ਦਿਨ ਦਿੱਲੀ ਵਿੱਚ ਸੀ। ਉਨ੍ਹਾਂ ਦੱਸਿਆ ਕਿ ਉਹ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿਖੇ ਇੰਟਰਵਿਊ ਲਈ ਕੌਮੀ ਰਾਜਧਾਨੀ ਆਇਆ ਸੀ।
ਉਨ੍ਹਾਂ ਅੱਗੇ ਕਿਹਾ ਕਿ ਡਾ. ਗਨਈ ਨਾਲ ਉਨ੍ਹਾਂ ਦੇ ਸਬੰਧਾਂ ਦੀ ਹੱਦ ਦਾ ਪਤਾ ਲਗਾਉਣ ਅਤੇ ਭੂਮਿਕਾ ਲਈ ਸੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੂਹ ਵਿੱਚ ਇੱਕ ਹੋਰ ਕਾਰਵਾਈ ਵਿੱਚ ਜਾਂਚ ਏਜੰਸੀਆਂ ਨੇ ਇੱਕ ਵਿਅਕਤੀ, ਜਿਸ ਦੀ ਪਛਾਣ ਦਿਨੇਸ਼ ਉਰਫ਼ 'ਡੱਬੂ' ਵਜੋਂ ਹੋਈ ਹੈ, ਨੂੰ ਬਿਨਾਂ ਲਾਇਸੈਂਸ ਦੇ ਖਾਦਾਂ ਵੇਚਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਉਸ ਦੀਆਂ ਗਤੀਵਿਧੀਆਂ ਗੈਰ-ਕਾਨੂੰਨੀ ਵਪਾਰ ਤੋਂ ਅੱਗੇ ਵੀ ਵਧੀਆਂ ਸਨ।
ਇਸ ਤੋਂ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਅਤਿਵਾਦੀ ਮਾਡਿਊਲ ਦੇ ਮੈਂਬਰਾਂ ਨੇ ਲਗਪਗ 26 ਲੱਖ ਰੁਪਏ ਇਕੱਠੇ ਕੀਤੇ ਸਨ ਅਤੇ NPK ਖਾਦ ਖਰੀਦਣ ’ਤੇ 3 ਲੱਖ ਰੁਪਏ ਖਰਚ ਕੀਤੇ ਸਨ, ਜਿਸ ਦੀ ਵਰਤੋਂ ਆਈ.ਈ.ਡੀ. ਬਣਾਉਣ ਲਈ ਕੀਤੀ ਜਾਂਦੀ ਹੈ। ਪੀਟੀਆਈ
