Delhi blast: 12 ਮ੍ਰਿਤਕਾਂ ਵਿੱਚੋਂ 3 ਦੀ ਪਛਾਣ ਹੋਈ
ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦਾ 18 ਸਾਲਾ ਨੌਮਾਨ ਅੰਸਾਰੀ ਆਪਣੀ ਦੁਕਾਨ ਲਈ ਕਾਸਮੈਟਿਕਸ ਖਰੀਦਣ ਦਿੱਲੀ ਆਇਆ ਸੀ। ਪਰ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਜਬਰਦਸਤ ਧਮਾਕੇ ਨੇ ਉਸ ਦੀ ਜਾਨ ਲੈ ਲਈ। ਸ਼ਾਮਲੀ ਦੇ ਝਿੰਝਾਣਾ ਕਸਬੇ ਦਾ ਰਹਿਣ...
ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦਾ 18 ਸਾਲਾ ਨੌਮਾਨ ਅੰਸਾਰੀ ਆਪਣੀ ਦੁਕਾਨ ਲਈ ਕਾਸਮੈਟਿਕਸ ਖਰੀਦਣ ਦਿੱਲੀ ਆਇਆ ਸੀ। ਪਰ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਜਬਰਦਸਤ ਧਮਾਕੇ ਨੇ ਉਸ ਦੀ ਜਾਨ ਲੈ ਲਈ।
ਸ਼ਾਮਲੀ ਦੇ ਝਿੰਝਾਣਾ ਕਸਬੇ ਦਾ ਰਹਿਣ ਵਾਲਾ ਅੰਸਾਰੀ ਆਪਣੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ।
ਨੌਮਾਨ ਦੇ ਚਾਚਾ ਫੁਰਕਾਨ ਨੇ ਦੱਸਿਆ, "ਨੌਮਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਉਸ ਦਾ ਚਚੇਰਾ ਭਰਾ ਅਮਨ ਜ਼ਖਮੀ ਹੋ ਗਿਆ ਅਤੇ ਦਿੱਲੀ ਦੇ ਲੋਕ ਨਾਇਕ ਹਸਪਤਾਲ (Lok Nayak Hospital) ਵਿੱਚ ਜ਼ੇਰੇ ਇਲਾਜ ਹੈ।"
ਫੁਰਕਾਨ ਨੇ ਦੱਸਿਆ ਕਿ ਪਰਿਵਾਰ ਨੌਮਾਨ ਦੀ ਮ੍ਰਿਤਕ ਦੇਹ ਨੂੰ ਦਫ਼ਨਾਉਣ ਲਈ ਵਾਪਸ ਲਿਆਉਣ ਦੇ ਪ੍ਰਬੰਧ ਕਰ ਰਿਹਾ ਹੈ।
ਪੀੜਤ ਦੇ ਰਿਸ਼ਤੇਦਾਰ ਸੋਨੂੰ, ਜੋ ਨਵੀਂ ਦਿੱਲੀ ਰੇਲਵੇ ਸਟੇਸ਼ਨ ਨੇੜੇ ਇੱਕ ਦੁਕਾਨ ਵਿੱਚ ਕੰਮ ਕਰਦਾ ਹੈ, ਨੇ ਦੱਸਿਆ, "ਅੱਜ ਸਵੇਰੇ, ਮੈਨੂੰ ਮੇਰੇ ਚਾਚੇ ਦਾ ਫੋਨ ਆਇਆ ਕਿ ਨੌਮਾਨ ਹੁਣ ਨਹੀਂ ਰਿਹਾ ਅਤੇ ਮੈਨੂੰ ਐਲ.ਐਨ.ਜੇ.ਪੀ. ਹਸਪਤਾਲ ਪਹੁੰਚਣ ਲਈ ਕਿਹਾ।"
ਮਾਰੇ ਗਏ ਲੋਕਾਂ ਵਿੱਚੋਂ ਇੱਕ ਡੀ.ਟੀ.ਸੀ. ਕੰਡਕਟਰ ਅਸ਼ੋਕ ਕੁਮਾਰ (34) ਵੀ ਸ਼ਾਮਲ ਹੈ, ਜੋ ਅਮਰੋਹਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਇੱਕ ਹੋਰ ਮ੍ਰਿਤਕ ਦੀ ਪਛਾਣ 22 ਸਾਲਾ ਪੰਕਜ ਸਾਹਨੀ ਵਜੋਂ ਹੋਈ ਹੈ, ਜੋ ਟੈਕਸੀ ਚਲਾਉਂਦਾ ਸੀ।
ਉਸ ਦੇ ਰਿਸ਼ਤੇਦਾਰ ਰਾਮਦੇਵ ਸਾਹਨੀ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਹੋਏ ਧਮਾਕੇ ਵਿੱਚ ਉਸ ਦੇ ਭਤੀਜੇ ਦੀ ਮੌਤ ਬਾਰੇ ਦਿੱਲੀ ਦੇ ਕੋਤਵਾਲੀ ਥਾਣੇ ਤੋਂ ਇੱਕ ਫੋਨ ਕਾਲ ਪ੍ਰਾਪਤ ਹੋਈ।
ਉਹ ਆਪਣੇ ਭਤੀਜੇ ਦੀ ਲਾਸ਼ ਲੈਣ ਲਈ ਮੁਰਦਾਘਰ ਦੇ ਬਾਹਰ ਇੰਤਜ਼ਾਰ ਕਰ ਰਿਹਾ ਸੀ ਜਦੋਂ ਕਿ ਉਸਦਾ ਭਰਾ ਅਤੇ ਪੀੜਤ ਦਾ ਪਿਤਾ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਅੰਦਰ ਸਨ।
ਸਾਹਨੀ ਨੇ ਕਿਹਾ, "ਉਹ ਤਿੰਨ ਸਾਲਾਂ ਤੋਂ ਟੈਕਸੀ ਚਲਾਉਂਦਾ ਸੀ। ਸਾਨੂੰ ਦੱਸਿਆ ਗਿਆ ਕਿ ਉਸ ਦੇ ਸਿਰ ਦਾ ਪਿਛਲਾ ਹਿੱਸਾ ਉੱਡ ਗਿਆ ਸੀ। ਕਾਰ, ਇੱਕ ਵੈਗਨਆਰ (WagnoR), ਪੂਰੀ ਤਰ੍ਹਾਂ ਨੁਕਸਾਨੀ ਗਈ ਸੀ।"
ਦਿੱਲੀ ਪੁਲਿਸ ਅਨੁਸਾਰ ਮੰਗਲਵਾਰ ਨੂੰ ਤਿੰਨ ਹੋਰ ਲੋਕਾਂ ਦੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ ਹੈ। ਇਸ ਘਟਨਾ ਵਿੱਚ 20 ਤੋਂ ਵੱਧ ਲੋਕ ਜ਼ਖਮੀ ਹੋਏ ਸਨ।

