Delhi Assembly polls: ਕਾਂਗਰਸ ਵੱਲੋਂ 21 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਨਵੀਂ ਦਿੱਲੀ ਤੋਂ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਤ ਨੂੰ ਮੈਦਾਨ ਵਿੱਚ ਉਤਾਰਿਆ
ਨਵੀਂ ਦਿੱਲੀ, 12 ਦਸੰਬਰ
Delhi Assembly polls: ਕਾਂਗਰਸ ਨੇ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਅੱਜ 21 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਸ਼ਹਿਰ ਦੀ ਇਕਾਈ ਦੇ ਮੁਖੀ ਦੇਵੇਂਦਰ ਯਾਦਵ ਨੂੰ ਬਾਦਲੀ ਤੋਂ ਅਤੇ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਿਤ ਨੂੰ ਨਵੀਂ ਦਿੱਲੀ ਤੋਂ ਉਮੀਦਵਾਰ ਬਣਾਇਆ ਹੈ।
ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਮੌਜੂਦਾ ਵਿਧਾਇਕ ਹਨ।
ਕਾਂਗਰਸ ਨੇ ਬੱਲੀਮਾਰਨ ਤੋਂ ਦਿੱਲੀ ਦੇ ਸਾਬਕਾ ਮੰਤਰੀ ਹਾਰੂਨ ਯੂਸਫ, ਪਟਪੜਗੰਜ ਤੋਂ ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਚੌਧਰੀ ਅਨਿਲ ਕੁਮਾਰ, ਵਜ਼ੀਰਪੁਰ ਤੋਂ ਕੌਮੀ ਬੁਲਾਰੇ ਰਾਗਿਨੀ ਨਾਇਕ ਅਤੇ ਦਵਾਰਕਾ ਤੋਂ ਆਦਰਸ਼ ਸ਼ਾਸਤਰੀ ਨੂੰ ਵੀ ਉਮੀਦਵਾਰ ਬਣਾਇਆ ਹੈ। ਬਾਕੀ ਉਮੀਦਵਾਰਾਂ ਵਿੱਚ ਅਲੀ ਮਹਿੰਦੀ ਮੁਸਤਫਾਬਾਦ ਤੋਂ, ਅਬਦੁਲ ਰਹਿਮਾਨ ਸੀਲਮਪੁਰ ਤੋਂ, ਰੋਹਿਤ ਚੌਧਰੀ ਨਾਂਗਲੋਈ ਜਾਟ ਤੋਂ ਅਤੇ ਪ੍ਰਵੀਨ ਜੈਨ ਸ਼ਾਲੀਮਾਰ ਬਾਗ ਤੋਂ ਚੋਣ ਲੜਨਗੇ।
ਕਾਂਗਰਸ ਹਾਈ ਕਮਾਂਡ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ 21 ਉਮੀਦਵਾਰਾਂ ਦੇ ਨਾਵਾਂ ਨੂੰ ਹਰੀ ਝੰਡੀ ਦੇਣ ਤੋਂ ਤੁਰੰਤ ਬਾਅਦ ਇਹ ਸੂਚੀ ਜਾਰੀ ਕੀਤੀ ਗਈ।
ਇਸ ਸਬੰਧੀ ਮੀਟਿੰਗ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਪ੍ਰਧਾਨਗੀ ਹੇਠ ਹੋਈ ਸੀ। ਇਸ ਮੀਟਿੰਗ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਸੀਈਸੀ ਮੈਂਬਰ ਅੰਬਿਕਾ ਸੋਨੀ, ਸਲਮਾਨ ਖੁਰਸ਼ੀਦ, ਮਿਸਤਰੀ ਤੋਂ ਇਲਾਵਾ ਦਿੱਲੀ ਕਾਂਗਰਸ ਦੇ ਪ੍ਰਧਾਨ ਦੇਵੇਂਦਰ ਯਾਦਵ ਵੀ ਮੌਜੂਦ ਸਨ।
ਦਿੱਲੀ ’ਚ ਪਾਰਟੀ ਦੇ ਮਾਮਲਿਆਂ ਦੇ ਇੰਚਾਰਜ ਕਾਜ਼ੀ ਨਿਜ਼ਾਮੂਦੀਨ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਦਿੱਲੀ ਨੇ ਬਹੁਤ ਨੁਕਸਾਨ ਝੱਲਿਆ ਹੈ।

