ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ: ਏ ਕਿਊ ਆਈ ‘ਬੇਹੱਦ ਖ਼ਰਾਬ’ ਸ਼੍ਰੇਣੀ ’ਚ ਬਰਕਰਾਰ

ਲੋਕਾਂ ’ਚ ਸਾਹ ਅਤੇ ਅੱਖਾਂ ਦੀਆਂ ਬਿਮਾਰੀਆਂ ਵਧੀਅਾਂ; ਅਗਲੇ ਦਿਨਾਂ ਵਿੱਚ ਰਾਹਤ ਦੀ ਉਮੀਦ
ਨਵੀਂ ਦਿੱਲੀ ਵਿੱਚ ਛਾਈ ਧੁਆਂਖੀ ਧੁੰਦ ਦੌਰਾਨ ਜਾਂਦੇ ਹੋਏ ਰਾਹਗੀਰ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 19 ਨਵੰਬਰ

ਕੌਮੀ ਰਾਜਧਾਨੀ ਵਿੱਚ ਲੋਕਾਂ ਨੂੰ ਹਾਲੇ ਤੱਕ ਹਵਾ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲੀ। ਜਿਵੇਂ-ਜਿਵੇਂ ਠੰਢ ਉਤਰ ਰਹੀ ਹੈ, ਉਸੇ ਤਰ੍ਹਾਂ ਧੁਆਂਖੀ ਧੁੰਦ ਵਧਦੀ ਜਾ ਰਹੀ ਹੈ। ਹਵਾ ਪ੍ਰਦੂਸ਼ਣ ਕਾਰਨ ਲੋਕ ਸਾਹ ਅਤੇ ਅੱਖਾਂ ਦੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗੇ ਹਨ। ਅੱਜ ਕੌਮੀ ਰਾਜਧਾਨੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 391 ਦਰਜ ਕੀਤਾ ਗਿਆ। ਅੱਜ ਲਗਾਤਾਰ ਛੇਵੇਂ ਦਿਨ ਦਿੱਲੀ ਦਾ ਏ ਕਿਊ ਆਈ ‘ਬੇਹੱਦ ਖ਼ਰਾਬ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਦੇ ਸਮੀਰ ਐਪ ਦੇ ਅੰਕੜਿਆਂ ਅਨੁਸਾਰ ਦਿੱਲੀ ਦੇ 38 ਵਿੱਚੋਂ 18 ਨਿਗਰਾਨ ਕੇਂਦਰਾਂ ਨੇ ਏ ਕਿਊ ਆਈ ‘ਗੰਭੀਰ ਸ਼੍ਰੇਣੀ’ ਵਿੱਚ ਦਰਜ ਕੀਤਾ ਹੈ। ਚਾਂਦਨੀ ਚੌਕ, ਡੀ ਟੀ ਯੂ, ਬਵਾਨਾ, ਆਨੰਦ ਵਿਹਾਰ, ਮੁੰਡਕਾ, ਨਰੇਲਾ ਅਤੇ ਵਜੀਦਪੁਰ ਸਥਿਤ ਕੇਂਦਰਾਂ ਨੇ ਏ ਕਿਊ ਆਈ 400 ਤੋਂ ਵੱਧ ਦਰਜ ਕੀਤਾ ਹੈ। ਬੁੱਧਵਾਰ ਨੂੰ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਇੱਕ ਵਾਰ ਫਿਰ ਗਿਰਾਵਟ ਆਈ ਹੈ। ਇੱਕ ਦਿਨ ਦੇ ਥੋੜ੍ਹੇ ਜਿਹੇ ਸੁਧਾਰ ਮਗਰੋਂ ਪ੍ਰਦੂਸ਼ਣ ਫਿਰ ਵਧ ਗਿਆ ਹੈ। ਮਾਹਿਰਾਂ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ। ਧਰਤੀ ਵਿਗਿਆਨ ਮੰਤਰਾਲੇ ਦੇ ਅਧੀਨ ਏਅਰ ਕੁਆਲਿਟੀ ਅਰਲੀ ਚਿਤਾਵਨੀ ਪ੍ਰਣਾਲੀ ਵੱਲੋਂ ਪੇਸ਼ੀਨਗੋਈ ਕੀਤੀ ਗਈ ਹੈ ਕਿ ਦਿੱਲੀ ਦੀ ਹਵਾ ਦੀ ਗੁਣਵੱਤਾ ਘੱਟੋ-ਘੱਟ ਅਗਲੇ ਚਾਰ ਦਿਨਾਂ ਤੱਕ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰਹੇਗੀ। ਸਕਾਈਮੇਟ ਦੇ ਉਪ ਪ੍ਰਧਾਨ (ਮੌਸਮ ਵਿਗਿਆਨ ਅਤੇ ਜਲਵਾਯੂ ਪਰਿਵਰਤਨ) ਮਹੇਸ਼ ਪਲਾਵਤ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਹਲਕੀ ਬਾਰਸ਼ ਹੋਣ ਦੀ ਉਮੀਦ ਹੈ। ਇਹ ਬਾਰਸ਼ ਤਾਪਮਾਨ ਨੂੰ ਘਟਾ ਸਕਦੀ ਹੈ ਅਤੇ ਹਵਾ ਨੂੰ ਸਾਫ਼ ਕਰ ਸਕਦੀ ਹੈ। ਇਸ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਰਾਹਤ ਜ਼ਿਆਦਾ ਦੇਰ ਤੱਕ ਨਹੀਂ ਰਹਿ ਸਕਦੀ। ਸੀ ਪੀ ਸੀ ਬੀ ਅਨੁਸਾਰ ਏ ਕਿਊਆਈ 0 ਤੋਂ 50 ਦੇ ਵਿਚਕਾਰ ‘ਚੰਗੀ’ ਸ਼੍ਰੇਣੀ, 51 ਤੋਂ 100 ਦੇ ਵਿਚਕਾਰ ‘ਤਸੱਲੀਬਖ਼ਸ਼’, 101 ਤੋਂ 200 ਦੇ ਵਿਚਕਾ ‘ਦਰਮਿਆਨੀ’, 201 ਤੋਂ 300 ਦੇ ਵਿਚਕਾਰ ‘ਖ਼ਰਾਬ’, 301 ਤੋਂ 400 ਦੇ ਵਿਚਕਾਰ ‘ਬੇਹੱਦ ਖ਼ਰਾਬ’ ਅਤੇ 401 ਤੋਂ 500 ਦੇ ਵਿਚਕਾਰ ‘ਗੰਭੀਰ ਸ਼੍ਰੇਣੀ’ ਵਿੱਚ ਮੰਨਿਆ ਜਾਂਦਾ ਹੈ। ਕੌਮੀ ਰਾਜਧਾਨੀ ਵਿਚ ਠੰਢ ਉਤਰਨ ਲੱਗੀ ਹੈ। ਅੱਜ ਸ਼ਹਿਰ ਦਾ ਘੱਟ ਤੋਂ ਘੱਟ ਤਾਪਮਾਨ 10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 2.1 ਡਿਗਰੀ ਸੈਲਸੀਅਸ ਘੱਟ ਹੈ। ਦੂਜੇ ਪਾਸੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦੀ ਸਭਾਵਨਾ ਹੈ।

Advertisement

Advertisement
Show comments