ਸਕੂਲਾਂ ਵਿੱਚ ‘ਦਿੱਲੀ ਏ ਆਈ ਗਰਿੰਡ’ ਸ਼ੁਰੂ
ਮੁੱਖ ਮੰਤਰੀ ਰੇਖਾ ਗੁਪਤਾ ਤੇ ਪੁਲਾਡ਼ ਯਾਤਰੀ ਸੁਭਾਂਸ਼ੂ ਸ਼ੁਕਲਾ ਨੇ ਉਦਘਾਟਨ ਕੀਤਾ
ਦਿੱਲੀ ਦੇ ਸਕੂਲਾਂ ਵਿੱਚ ਅੱਜ ‘ਦਿੱਲੀ ਏ ਆਈ ਗਰਿੰਡ’ ਉਪਰਾਲੇ ਦੀ ਸ਼ੁਰੂਆਤ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹੋਰਨਾ ਦੀ ਹਾਜ਼ਰੀ ’ਚ ਕੀਤੀ ਗਈ। ਇਹ ਕਦਮ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਦੇਣ ਲਈ ਚੁੱਕਿਆ ਗਿਆ ਹੈ।
ਦਿੱਲੀ ਦੇ ਸੈਂਟਰਲ ਪਾਰਕ ਵਿੱਚ ਉਦਘਾਟਨੀ ਸਮਾਰੋਹ ਵਿੱਚ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੀ ਮੌਜੂਦਗੀ ਨੇ ਸਭ ਨੂੰ ਉਤਸ਼ਾਹਿਤ ਕੀਤਾ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ, ‘ਸ੍ਰੀ ਸ਼ੁਕਲਾ ਦੀ ਹਾਜ਼ਰੀ ਸਾਡੇ ਸਾਰਿਆਂ ਲਈ ਖਾਸ ਅਤੇ ਪ੍ਰੇਰਨਾਦਾਇਕ ਸੀ। ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਹੋਣ ਸਦਕਾ ਨਾਤੇ ਉਹ ਸਾਡੇ ਨੌਜਵਾਨਾਂ ਲਈ ਆਦਰਸ਼ ਹਨ।’’ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਭਾਰਤ ਮਸਨੂਈ ਬੌਧਿਕਤਾ (ਏ ਆਈ) ਤਕਨੀਕ ਵਿੱਚ ਨਵੀਨਤਾ ਦੇ ਖੇਤਰਾਂ ਅੰਦਰ ਕੌਮੀ ਪੱਧਰ ’ਤੇ ਨਵੀਂ ਛਾਪ ਛੱਡ ਰਿਹਾ ਹੈ। ਉਨ੍ਹਾਂ ਕਿਹਾ ਕਿ ਤਕਨੀਕ ਹੁਣ ਆਮ ਲੋਕਾਂ ਦੀ ਪਹੁੰਚ ਤੱਕ ਹੈ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੀਆਂ ਬੇਹੱਦ ਸੰਭਾਵਨਾਵਾਂ ਲਈ ਬੂਹੇ ਖੁੱਲ੍ਹ ਗਏ ਹਨ। ਇਸ ਯੋਜਨਾ ਤਹਿਤ ਦਿੱਲੀ ਸਕੂਲੀ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਜੋ ਮਾਰਚ 2026 ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ ਇਸ ਨਜ਼ਰੀਏ ਤੋਂ ਪ੍ਰੇਰਿਤ ਹੋ ਕੇ ਦਿੱਲੀ ਸਰਕਾਰ ਨੇ ‘ਦਿੱਲੀ ਏ ਆਈ ਗਰਿੰਡ’ ਭਾਰਤ ਦਾ ਪਹਿਲਾ ਸ਼ਹਿਰ-ਕੇਂਦ੍ਰਿਤ ਏ ਆਈ ਇੰਜਣ ਲਾਂਚ ਕੀਤਾ ਹੈ। ਇਹ ਦਿੱਲੀ ਦੇ ਨੌਜਵਾਨਾਂ ਨੂੰ ਅਸਲ ਸਮੱਸਿਆਵਾਂ ਦੇ ਏ ਆਈ-ਅਧਾਰਤ ਹੱਲ ਵਿਕਸਿਤ ਕਰਨ ਦੇ ਯੋਗ ਬਣਾਏਗਾ। ਕਲਾਸਰੂਮ ਨਵੀਂ ਪ੍ਰਯੋਗਸ਼ਾਲਾਵਾਂ ਵਿੱਚ ਬਦਲ ਜਾਣਗੇ, ਵਿਦਿਆਰਥੀ ਪਰਿਵਰਤਨਸ਼ੀਲ ਬਣ ਜਾਣਗੇ ਤੇ ਦਿੱਲੀ ਗਿਆਨ ਅਤੇ ਏਆਈ ਨਵੀਨਤਾ ਦੀ ਰਾਜਧਾਨੀ ਵਜੋਂ ਉਭਰਨ ਲਈ ਅੱਗੇ ਵਧੇਗੀ। ਇਸ ਮੌਕੇ ਕੈਬਨਿਟ ਸਹਿਯੋਗੀ ਅਸ਼ੀਸ਼ ਸੂਦ ਨੇ ਏ ਆਈ ਦੀ ਮੌਜੂਦਾ ਕੌਮੀ, ਕੌਮਾਂਤਰੀ ਸਮਾਜਿਕ ਅਤੇ ਰਾਜਨੀਤਕ ਢਾਂਚੇ ਵਿੱਚ ਅਹਿਮੀਅਤ ਨੂੰ ਉਜਾਗਰ ਕੀਤਾ।
ਝੰਡਾ ਦਿਵਸ ਸਮਾਗਮ ’ਚ ਹਾਜ਼ਰੀ ਲਵਾਈ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਛਾਉਣੀ ਦੇ ਮਾਨੇਕ ਸ਼ਾਅ ਸੈਂਟਰ ਵਿੱਚ ‘ਆਰਮਡ ਫੋਰਸਿਜ਼ ਫਲੈਗ ਡੇਅ’ ਸਮਾਗਮ ’ਚ ਹਾਜ਼ਰੀ ਲਵਾਈ। ਸਮਾਰੋਹ ਵਿੱਚ ਲੈਫਟੀਨੈਂਟ ਗਵਰਨਰ ਵਿਨੈ ਕੁਮਾਰ ਸਕਸੈਨਾ, ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਅਤੇ ਚੀਫ਼ ਆਫ਼ ਨੇਵਲ ਸਟਾਫ ਐਡਮਿਰਲ ਦਿਨੇਸ਼ ਤ੍ਰਿਪਾਠੀ ਆਦਿ ਹਾਜ਼ਰ ਸਨ। ਇਸ ਮੌਕੇ ਸੈਨਾਵਾਂ ਦੇ ਮੁਲਾਜ਼ਮਾਂ ਤੋਂ ਇਲਾਵਾ ਹਥਿਆਰਬੰਦ ਸੈਨਾਵਾਂ ਦੀ ਭਲਾਈ ’ਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਦਸ ਨਾਗਰਿਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸੇ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਨੇ ਗਰੀਬ ਲੋਕਾਂ ਨੂੰ ਹੀਟਰ ਵੰਡਣ ਦੀ ਸ਼ੁਰੂਆਤ ਵੀ ਕੀਤੀ ਤੇ ਕਿਹਾ ਕਿ ਹੀਟਰਾਂ ਨਾਲ ਪ੍ਰਦੂਸ਼ਣ ਘਟੇਗਾ।

