Delhi Acid Attack: : ਮਾਮਲੇ ਵਿੱਚ ਆਇਆ ਨਵਾਂ ਮੋੜ, ਮੁੱਖ ਸ਼ੱਕੀ ਦੀ ਜਗ੍ਹਾ ਅਪਰਾਧ ਸਥਾਨ ਤੋਂ ਬਹੁਤ ਦੂਰ: ਪੁਲੀਸ
ਉਪ ਰਾਜਪਾਲ ਵੱਲੋਂ ਵੀ ਦੋਸ਼ੀਆਂ ਨੂੰ ਤੁੰਰਤ ਗ੍ਰਿਫ਼ਤਾਰ ਕਰਨ ਦੀ ਮੰਗ
Delhi Acid Attack:ਕਥਿਤ ਤੇਜ਼ਾਬ ਹਮਲੇ ਦੇ ਇੱਕ ਦਿਨ ਬਾਅਦ ਹੁਣ ਇੱਕ ਹੋਰ ਨਵਾਂ ਮੋੜ ਸਾਹਮਣੇ ਆਇਆ ਹੈ। ਮੁੱਖ ਸ਼ੱਕੀ ਦੀ ਜਗ੍ਹਾ ਅਪਰਾਧ ਸਥਾਨ ਤੋਂ ਬਹੁਤ ਦੂਰ ਸੀ ਅਤੇ ਕੋਈ ਸੀਸੀਟੀਵੀ ਫੁਟੇਜ ਨਹੀਂ ਹੈ ਜਿਸ ਵਿੱਚ ਦਾਅਵਾ ਕੀਤੇ ਅਨੁਸਾਰ ਮੋਟਰਸਾਈਕਲ ’ਤੇ ਤਿੰਨ ਆਦਮੀ ਦਿਖਾਈ ਦੇ ਰਹੇ ਹਨ।
ਅਧਿਕਾਰੀ ਨੇ ਕਿਹਾ ਕਿ ਮੌਕੇ ’ਤੇ ਤੇਜ਼ਾਬ ਦੇ ਕੋਈ ਨਿਸ਼ਾਨ ਨਹੀਂ ਮਿਲੇ ਅਤੇ ਅਪਰਾਧ ਸਥਾਨ ਦੇ ਨੇੜੇ ਮੋਟਰਸਾਈਕਲ ਸਵਾਰ ਤਿੰਨ ਆਦਮੀਆਂ ਦੀ ਕੋਈ ਸੀਸੀਟੀਵੀ ਫੁਟੇਜ ਨਹੀਂ ਹੈ। ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਟੀਮ ਨੇ ਵੀ ਇਲਾਕੇ ਤੋਂ ਕੋਈ ਤੇਜ਼ਾਬ ਦੀਆਂ ਬੋਤਲਾਂ ਬਰਾਮਦ ਨਹੀਂ ਕੀਤੀਆਂ।
ਦੱਸ ਦਈਏ ਕਿ ਤੇਜ਼ਾਬੀ ਹਮਲੇ ਮਾਮਲੇ ਵਿੱਚ ਮੁੱਖ ਮੁਲਜ਼ਮ ਦੀ ਪਤਨੀ ਨੇ ਪੀੜਤ ਵਿਦਿਆਰਥਣ ਦੇ ਪਿਤਾ ਖ਼ਿਲਾਫ਼ ਜਬਰ-ਜਨਾਹ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਮੁਲਜ਼ਮ ਦੀ ਪਤਨੀ ਨੇ ਦੋਸ਼ ਲਗਾਇਆ ਕਿ ਪੀੜਤਾ ਦੇ ਪਿਤਾ ਕੋਲ ਉਸ ਦੀਆਂ ਨਿੱਜੀ ਤਸਵੀਰਾਂ ਹਨ ਤੇ ਉਸ ਨੇ ਉਸ ਦਾ ਸ਼ੋਸ਼ਣ ਕੀਤਾ ਹੈ। ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਹਾਲਤ ਇਸ ਸਮੇਂ ਸਥਿਰ ਦੱਸੀ ਜਾ ਰਹੀ ਹੈ ਅਤੇ ਉਸ ਨੂੰ ਛੇਤੀ ਹੀ ਰਾਮ ਮਨੋਹਰ ਲੋਹੀਆ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।
ਉੱਧਰ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਪੁਲੀਸ ਕਮਿਸ਼ਨਰ ਸਤੀਸ਼ ਗੋਲਚਾ ਨੂੰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਕੱਲ੍ਹ ਇਹ ਹਮਲਾ ਅਸ਼ੋਕ ਵਿਹਾਰ ਦੇ ਲਕਸ਼ਮੀ ਬਾਈ ਕਾਲਜ ਨੇੜੇ ਹੋਇਆ ਸੀ। ਪੁਲੀਸ ਸੂਤਰਾਂ ਅਨੁਸਾਰ ਤੇਜ਼ਾਬੀ ਹਮਲੇ ਦੇ ਮਾਮਲੇ ਦੇ ਹੋਰ ਮੁਲਜ਼ਮ ਪੀੜਤਾ ਦੇ ਰਿਸ਼ਤੇਦਾਰ ਹਨ। ਪੁਲੀਸ ਨੇ ਪੁਸ਼ਟੀ ਕੀਤੀ ਕਿ ਉਹ ਹੁਣ ਦੋਸ਼ਾਂ ਦੀ ਜਾਂਚ ਕਰ ਰਹੇ ਹਨ। ਅਸ਼ੋਕ ਵਿਹਾਰ ਦੇ ਲਕਸ਼ਮੀ ਬਾਈ ਕਾਲਜ ਨੇੜੇ ਹੋਏ ਤੇਜ਼ਾਬ ਹਮਲੇ ਦੌਰਾਨ ਆਪਣੇ ਚਿਹਰੇ ਨੂੰ ਬਚਾਉਣ ਸਮੇਂ ਵਿਦਿਆਰਥਣ ਦੇ ਦੋਵੇਂ ਹੱਥ ਸੜ ਗਏ ਸਨ।
ਇਸ ਸਬੰਧ ਵਿੱਚ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਜਤਿੰਦਰ ਅਤੇ ਉਸ ਦੇ ਦੋ ਸਾਥੀਆਂ ਈਸ਼ਾਨ ਅਤੇ ਅਰਮਾਨ ਨੇ ਲੜਕੀ ’ਤੇ ਤੇਜ਼ਾਬ ਸੁੱਟਿਆ ਅਤੇ ਤੁਰੰਤ ਮੌਕੇ ਤੋਂ ਭੱਜ ਗਏ। ਇਸ ਦੌਰਾਨ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕਥਿਤ ਤੇਜ਼ਾਬੀ ਹਮਲੇ ਦਾ ਨੋਟਿਸ ਲਿਆ ਹੈ ਅਤੇ ਦਿੱਲੀ ਪੁਲੀਸ ਨੂੰ ਪੱਤਰ ਲਿਖਿਆ। ਕਮਿਸ਼ਨ ਨੇ ਮੁਲਜ਼ਮ ਦੀ ਗ੍ਰਿਫਤਾਰੀ ਅਤੇ ਪੀੜਤਾ ਲਈ ਢੁੱਕਵੀਂ ਡਾਕਟਰੀ ਸਹਾਇਤਾ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ।

