ਦਿੱਲੀ ਤੇਜ਼ਾਬ ਹਮਲਾ: ਪਿਓ-ਧੀ ਨੇ ਟਾਇਲਟ ਕਲੀਨਰ ਵਰਤ ਕੇ ਘੜੀ ਤੇਜ਼ਾਬ ਹਮਲੇ ਦੀ ਝੂਠੀ ਕਹਾਣੀ
ਉੱਤਰ-ਪੱਛਮੀ ਦਿੱਲੀ ਦੇ ਲਕਸ਼ਮੀ ਬਾਈ ਕਾਲਜ ਨੇੜੇ ਹੋਏ ਕਥਿਤ ਤੇਜ਼ਾਬ ਹਮਲੇ ਦੇ ਮਾਮਲੇ ਵਿੱਚ ਇੱਕ ਹੈਰਾਨੀਜਨਕ ਮੋੜ ਆਇਆ ਹੈ, ਜਿੱਥੇ ਦਿੱਲੀ ਪੁਲੀਸ ਨੇ ਖੁਲਾਸਾ ਕੀਤਾ ਹੈ ਕਿ ਇਹ ਸਾਰੀ ਘਟਨਾ ਪੀੜਤਾ ਅਤੇ ਉਸਦੇ ਪਿਤਾ ਵੱਲੋਂ ਟਾਇਲਟ ਕਲੀਨਰ ਦੀ ਵਰਤੋਂ...
ਉੱਤਰ-ਪੱਛਮੀ ਦਿੱਲੀ ਦੇ ਲਕਸ਼ਮੀ ਬਾਈ ਕਾਲਜ ਨੇੜੇ ਹੋਏ ਕਥਿਤ ਤੇਜ਼ਾਬ ਹਮਲੇ ਦੇ ਮਾਮਲੇ ਵਿੱਚ ਇੱਕ ਹੈਰਾਨੀਜਨਕ ਮੋੜ ਆਇਆ ਹੈ, ਜਿੱਥੇ ਦਿੱਲੀ ਪੁਲੀਸ ਨੇ ਖੁਲਾਸਾ ਕੀਤਾ ਹੈ ਕਿ ਇਹ ਸਾਰੀ ਘਟਨਾ ਪੀੜਤਾ ਅਤੇ ਉਸਦੇ ਪਿਤਾ ਵੱਲੋਂ ਟਾਇਲਟ ਕਲੀਨਰ ਦੀ ਵਰਤੋਂ ਕਰਕੇ ਮਨਘੜਤ ਬਣਾਈ ਗਈ ਸੀ।
ਅਧਿਕਾਰੀਆਂ ਅਨੁਸਾਰ 20 ਸਾਲਾ ਲੜਕੀ ਦੇ ਪਿਤਾ, ਜਿਸਦੀ ਪਛਾਣ ਅਕੀਲ ਖਾਨ ਵਜੋਂ ਹੋਈ ਹੈ, ਨੇ ਝੂਠੀ ਤੇਜ਼ਾਬ ਹਮਲੇ ਦੀ ਕਹਾਣੀ ਘੜਨ ਦੀ ਗੱਲ ਕਬੂਲ ਕੀਤੀ ਹੈ।
ਇਹ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੁਲੀਸ ਨੇ ਖਾਨ ਨੂੰ ਸੰਗਮ ਵਿਹਾਰ ਤੋਂ ਗ੍ਰਿਫਤਾਰ ਕੀਤਾ। ਖਾਨ ਉਸ ਸਮੇਂ ਉੱਥੇ ਲੁਕਿਆ ਹੋਇਆ ਸੀ, ਜਦੋਂ ਉਸ ਨੇ ਜਿਨ੍ਹਾਂ ਆਦਮੀਆਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ, ਉਨ੍ਹਾਂ ਵਿੱਚੋਂ ਇੱਕ ਦੀ ਪਤਨੀ ਨੇ ਉਸਦੇ ਖ਼ਿਲਾਫ਼ ਜਬਰ ਜਨਾਹ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਜਾਂਚ ਵਿੱਚ ਸਾਹਮਣੇ ਆਇਆ ਕਿ ਖਾਨ ਅਤੇ ਉਸਦੀ ਧੀ ਨੇ ਇਸ ਝੂਠੀ ਘਟਨਾ ਦੀ ਸਾਜ਼ਿਸ਼ ਤਿੰਨ ਵਿਅਕਤੀਆਂ ਨੂੰ ਝੂਠੇ ਤੌਰ ’ਤੇ ਫਸਾਉਣ ਲਈ ਰਚੀ ਸੀ, ਜਿਨ੍ਹਾਂ ਵਿੱਚੋਂ ਇੱਕ ਉਸ ਔਰਤ ਦਾ ਪਤੀ ਹੈ ਜਿਸ ਨੇ ਪਹਿਲਾਂ ਖਾਨ 'ਤੇ ਜਿਨਸੀ ਤੌਰ ’ਤੇ ਪਰੇਸ਼ਾਨ ਦਾ ਦੋਸ਼ ਲਾਇਆ ਸੀ।
ਪੁੱਛਗਿੱਛ ਦੌਰਾਨ ਖਾਨ ਨੇ ਮੰਨਿਆ ਕਿ ਉਸ ਦੀ ਧੀ ਨੇ ਟਾਇਲਟ ਕਲੀਨਰ ਆਪਣੇ ਹੱਥਾਂ ’ਤੇ ਇਸ ਲਈ ਪਾ ਲਿਆ ਸੀ ਤਾਂ ਜੋ ਜਲਣ ਦੇ ਨਿਸ਼ਾਨ ਪੈਦਾ ਹੋ ਜਾਣ ਅਤੇ ਹਮਲਾ ਅਸਲੀ ਲੱਗੇ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, "ਦੋਸ਼ੀ ਨੇ ਕਬੂਲ ਕੀਤਾ ਕਿ ਇਹ ਸਾਰੀ ਕਹਾਣੀ ਬਦਲੇ ਦੀ ਯੋਜਨਾ ਦੇ ਹਿੱਸੇ ਵਜੋਂ ਮਨਘੜਤ ਸੀ। ਜਲਣ ਦੇ ਨਿਸ਼ਾਨ ਤੇਜ਼ਾਬ ਕਾਰਨ ਨਹੀਂ, ਸਗੋਂ ਟਾਇਲਟ ਕਲੀਨਰ ਕਾਰਨ ਹੋਏ ਸਨ।"
ਦਿੱਲੀ ਪੁਲੀਸ ਨੇ ਹੁਣ ਝੂਠੇ ਤੇਜ਼ਾਬ ਹਮਲੇ ਦੀ ਕਹਾਣੀ ਘੜਨ ਲਈ ਲੜਕੀ ਅਤੇ ਉਸਦੇ ਪਿਤਾ ਦੋਵਾਂ ਖ਼ਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਦੂਜੇ ਸਾਲ ਦੀ ਓਪਨ ਸਕੂਲ ਦੀ ਵਿਦਿਆਰਥਣ ਪੀੜਤਾ ਨੇ ਦੋਸ਼ ਲਾਇਆ ਸੀ ਕਿ ਉਸਦੇ ਜਾਣਕਾਰ ਜਤਿੰਦਰ ਅਤੇ ਉਸ ਦੇ ਦੋਸਤਾਂ ਈਸ਼ਾਨ ਅਤੇ ਅਰਮਾਨ ਨੇ ਉਸ ’ਤੇ ਹਮਲਾ ਕੀਤਾ ਜਦੋਂ ਉਹ ਕਾਲਜ ਵੱਲ ਜਾ ਰਹੀ ਸੀ। ਉਸ ਨੇ ਦਾਅਵਾ ਕੀਤਾ ਕਿ ਈਸ਼ਾਨ ਵੱਲੋਂ ਬੋਤਲ ਦਿੱਤੇ ਜਾਣ ਤੋਂ ਬਾਅਦ ਅਰਮਾਨ ਨੇ ਉਸ ’ਤੇ ਤੇਜ਼ਾਬ ਸੁੱਟਿਆ। ਉਸਦੇ ਬਿਆਨ ਦੇ ਆਧਾਰ ’ਤੇ ਭਾਰਤ ਨਗਰ ਪੁਲੀਸ ਸਟੇਸ਼ਨ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ।
ਹਾਲਾਂਕਿ, ਜਾਂਚ ਵਿੱਚ ਕਈ ਗੜਬੜੀਆਂ ਸਾਹਮਣੇ ਆਈਆਂ। ਸੀਸੀਟੀਵੀ ਫੁਟੇਜ, ਸੀਡੀਆਰ ਵਿਸ਼ਲੇਸ਼ਣ ਅਤੇ ਗਵਾਹਾਂ ਦੇ ਬਿਆਨਾਂ ਨੇ ਇਹ ਸਥਾਪਿਤ ਕੀਤਾ ਕਿ ਸ਼ਿਕਾਇਤ ਵਿੱਚ ਦੱਸਿਆ ਗਿਆ ਦੋਸ਼ੀ, ਜਤਿੰਦਰ, ਕਥਿਤ ਘਟਨਾ ਦੇ ਸਮੇਂ ਕਰੋਲ ਬਾਗ ਵਿੱਚ ਸੀ ਅਤੇ ਉਸਦਾ ਮੋਟਰਸਾਈਕਲ ਵੀ ਉੱਥੇ ਹੀ ਮਿਲਿਆ ਸੀ।
ਇਸ ਦੌਰਾਨ, ਸਹਿ-ਦੋਸ਼ੀ ਅਰਮਾਨ ਅਤੇ ਈਸ਼ਾਨ ਆਪਣੀ ਮਾਂ ਸ਼ਬਨਮ ਦੇ ਨਾਲ ਆਗਰਾ ਵਿੱਚ ਪਾਏ ਗਏ। ਸ਼ਬਨਮ ਨੇ ਖੁਲਾਸਾ ਕੀਤਾ ਕਿ ਉਹ ਖੁਦ 2018 ਵਿੱਚ ਅਕੀਲ ਖਾਨ ਦੇ ਰਿਸ਼ਤੇਦਾਰਾਂ ਵੱਲੋਂ ਕਥਿਤ ਤੌਰ 'ਤੇ ਕੀਤੇ ਗਏ ਤੇਜ਼ਾਬ ਹਮਲੇ ਦੀ ਪੀੜਤਾ ਸੀ ਅਤੇ ਵਰਤਮਾਨ ਵਿੱਚ ਉਸਦਾ ਖਾਨ ਨਾਲ ਜਾਇਦਾਦ ਦਾ ਵਿਵਾਦ ਚੱਲ ਰਿਹਾ ਹੈ।
ਸੀਸੀਟੀਵੀ ਫੁਟੇਜ ਵਿੱਚ ਇਹ ਵੀ ਦਿਖਾਇਆ ਗਿਆ ਕਿ ਪੀੜਤਾ ਨੂੰ ਉਸ ਦੇ ਭਰਾ ਨੇ ਅਸ਼ੋਕ ਵਿਹਾਰ ਨੇੜੇ ਛੱਡਿਆ ਸੀ, ਜਿਸ ਤੋਂ ਬਾਅਦ ਉਸਨੇ ਕਾਲਜ ਵੱਲ ਜਾਣ ਲਈ ਈ-ਰਿਕਸ਼ਾ ਲਿਆ, ਜਿਸ ਨਾਲ ਉਸਦੇ ਘਟਨਾ ਦੇ ਵਰਣਨ 'ਤੇ ਹੋਰ ਸਵਾਲ ਖੜ੍ਹੇ ਹੋ ਗਏ।

