ਨਵੀਂ ਦਿੱਲੀ, 12 ਜੁਲਾਈ
ਉੱਤਰ-ਪੂਰਬੀ ਦਿੱਲੀ ਦੇ ਵੈਲਕਮ ਇਲਾਕੇ ਵਿੱਚ ਇੱਕ ਚਾਰ-ਮੰਜ਼ਿਲਾ ਇਮਾਰਤ ਢਹਿਣ ਕਾਰਨ ਛੇ ਵਿਅਕਤੀਆ ਦੀ ਮੌਤ ਹੋ ਗਈ ਅਤੇ ਇੱਕ ਸਾਲ ਦੇ ਬੱਚੇ ਸਮੇਤ ਅੱਠ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਵਿੱਚ ਫਸੇ ਲੋਕਾਂ ਵਿੱਚ ਇੱਕ ਪਰਿਵਾਰ ਦੇ 10 ਮੈਂਬਰ ਸ਼ਾਮਲ ਹਨ ਜੋ ਇਮਾਰਤ ਵਿੱਚ ਰਹਿੰਦੇ ਸਨ। ਦਿੱਲੀ ਫਾਇਰ ਸਰਵਿਸਿਜ਼ ਨੇ ਦੱਸਿਆ ਕਿ ਅੱਠ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ, ਜਦੋਂ ਕਿ ਮਲਬੇ ਵਿੱਚ ਫਸੇ ਹੋਰ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਅਜੇ ਵੀ ਜਾਰੀ ਹਨ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ, ‘‘ਸ਼ਨੀਵਾਰ ਸਵੇਰੇ ਲਗਭਗ 7:04 ਵਜੇ ਸਾਨੂੰ ਵੈਲਕਮ ਇਲਾਕੇ ਵਿਚ ਚਾਰ-ਮੰਜ਼ਿਲਾ ਇਮਾਰਤ ਢਹਿ ਜਾਣ ਬਾਰੇ ਸੂਚਨਾ ਮਿਲੀ। ਟੀਮ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਇਮਾਰਤ ਦੀਆਂ ਤਿੰਨ ਮਜਿਲਾਂ ਢਹਿ ਚੁੱਕੀਆਂ ਸਨ।’’ ਉਨ੍ਹਾਂ ਅੱਗੇ ਕਿਹਾ, "ਹੁਣ ਤੱਕ, ਅੱਠ ਜ਼ਖਮੀ ਵਿਅਕਤੀਆਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਵਿੱਚੋਂਸੱਤ ਨੂੰ ਜੇਪੀਸੀ ਹਸਪਤਾਲ ਅਤੇ ਇੱਕ ਨੂੰ ਜੀਟੀਬੀ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਹੈ।’’
ਐਡੀਸ਼ਨਲ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਉੱਤਰ-ਪੂਰਬ) ਸੰਦੀਪ ਲਾਂਬਾ ਨੇ ਦੱਸਿਆ, "ਇਮਾਰਤ ਦਾ ਮਾਲਕ ਮਤਲੂਬ ਆਪਣੇ ਪਰਿਵਾਰਕ ਮੈਂਬਰਾਂ ਨਾਲ ਇਮਾਰਤ ਵਿੱਚ ਹੀ ਰਹਿੰਦਾ ਹੈ। ਇਸ ਦੀ ਜ਼ਮੀਨੀ ਮੰਜ਼ਿਲ ਅਤੇ ਪਹਿਲੀ ਮੰਜ਼ਿਲ ਖਾਲੀ ਹਨ।’’ ਉਨ੍ਹਾਂ ਕਿਹਾ ਕਿ ਸਾਹਮਣੇ ਵਾਲੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ। -ਪੀਟੀਆਈ