ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮ੍ਰਿਤਕ ਦੇ ਸ਼ੁਕਰਾਣੂ ਔਲਾਦ ਪੈਦਾ ਕਰਨ ਲਈ ਵਰਤੇ ਜਾ ਸਕਦੇ ਹਨ: ਹਾਈ ਕੋਰਟ

Landmark verdict of Delhi High Court: ਦਿੱਲੀ ਹਾਈ ਕੋਰਟ ਦਾ ਇਤਿਹਾਸਕ ਫ਼ੈਸਲਾ; ਕੈਂਸਰ ਕਾਰਨ 2020 ਵਿਚ ਮਰ ਚੁੱਕੇ ਅਣਵਿਆਹੇ ਨੌਜਵਾਨ ਦੇ ਸ਼ੁਕਰਾਣੂ ਔਲਾਦ ਪੈਦਾ ਕਰਨ ਵਾਸਤੇ ਉਸ ਦੇ ਮਾਪਿਆਂ ਨੂੰ ਸੌਂਪਣ ਦੀ ਸਰ ਗੰਗਾ ਰਾਮ ਹਸਪਤਾਲ ਨੂੰ ਦਿੱਤੀ ਹਦਾਇਤ
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 5 ਅਕਤੂਬਰ

Advertisement

ਦਿੱਲੀ ਹਾਈ ਕੋਰਟ ਨੇ ਇਕ ਇਤਿਹਾਸਕ ਫ਼ੈਸਲੇ ਵਿਚ ਕਿਹਾ ਹੈ ਕਿ ਕਿਸੇ ਮਰ ਚੁੱਕੇ ਵਿਅਕਤੀ ਦੇ ਸ਼ੁਕਰਾਣੂਆਂ ਨੂੰ ਉਸ ਦੀ ਅਗਾਊਂ ਰਜ਼ਾਮੰਦੀ ਹੋਣ ਦੀ ਸੂਰਤ ਵਿਚ ਉਸ ਦੀ ਮੌਤ ਤੋਂ ਬਾਅਦ ਉਸ ਦੀ ਔਲਾਦ ਪੈਦਾ ਕਰਨ ਲਈ ਵਰਤਿਆ ਜਾ ਸਕਦਾ ਹੈ। ਇਹ ਫ਼ੈਸਲਾ ਸੁਣਾਉਂਦਿਆਂ ਦਿੱਲੀ ਹਾਈ ਕੋਰਟ ਦੀ ਜਸਟਿਸ ਪ੍ਰਤਿਭਾ ਐੱਮ ਸਿੰਘ ਨੇ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ (Sir Ganga Ram Hospital, Delhi) ਨੂੰ ਹਦਾਇਤ ਦਿੱਤੀ ਹੈ ਕਿ ਉਹ ਉਸ 30 ਸਾਲਾ ਅਣਵਿਆਹੇ ਵਿਅਕਤੀ ਦੇ ਜਮਾ ਕੇ ਰੱਖੇ ਹੋਏ ਸ਼ੁਕਰਾਣੂਆਂ ਦੇ ਨਮੂਨੇ (frozen semen sample) ਨੂੰ ਉਸ ਦੇ ਮਾਪਿਆਂ ਨੂੰ ਸੌਂਪ ਦੇਵੇ, ਜਿਸ ਦੀ ਕੈਂਸਰ ਕਾਰਨ ਸਤੰਬਰ 2020 ਵਿਚ ਮੌਤ ਹੋ ਗਈ ਸੀ।

ਜਸਟਿਸ ਪ੍ਰਤਿਭਾ ਐੱਮ ਸਿੰਘ ਨੇ ਆਪਣੇ ਹੁਕਮਾਂ ਵਿਚ ਕਿਹਾ, ‘‘ਇਸ ਅਦਾਲਤ ਦੀ ਰਾਇ ਵਿਚ, ਮੌਜੂਦਾ ਭਾਰਤੀ ਕਾਨੂੰਨ ’ਚ, ਮਰਨ ਉਪਰੰਤ ਔਲਾਦ ਪੈਦਾ ਕਰਨ ਦੀ ਕੋਈ ਮਨਾਹੀ ਨਹੀਂ ਹੈ, ਬਸ਼ਰਤੇ ਸ਼ੁਕਰਾਣੂ ਜਾਂ ਅੰਡੇ ਦੇ ਮਾਲਕ (ਮਰਦ ਜਾਂ ਔਰਤ) ਦੀ ਇਸ ਸਬੰਧੀ ਸਹਿਮਤੀ ਦਿਖਾਈ ਜਾ ਸਕਦੀ ਹੋਵੇ।’’

ਅਦਾਲਤ ਨੇ 4 ਅਕਤੂਬਰ ਨੂੰ ਜਾਰੀ ਆਪਣੇ ਹੁਕਮਾਂ ਵਿਚ ਹੋਰ ਕਿਹਾ, ‘‘ਸਥਾਪਤ ਸਥਿਤੀ ਨੂੰ ਦੇਖਦਿਆਂ, (ਸਰ) ਗੰਗਾ ਰਾਮ ਹਸਪਤਾਲ ਵੱਲੋਂ ਪੇਸ਼ ਕੀਤੇ ਗਏ ਮੈਡੀਕਲ ਰਿਕਾਰਡ ਦੇ ਮੁਤਾਬਕ ਸ਼ੁਕਰਾਣੂ ਇਕ ਸੰਪਤੀ ਬਣਦੇ ਹਨ ਅਤੇ ਮ੍ਰਿਤਕ ਦੇ ਮਾਪੇ ਆਪਣੇ ਪੁੱਤਰ ਦੇ ਕਾਨੂੰਨੀ ਵਾਰਸ ਹਨ। ਮਰਨ ਉਪਰੰਤ ਔਲਾਦ ਪੈਦਾ ਕਰਨ ਦੀ ਕੋਈ ਮਨਾਹੀ ਨਾ ਹੋਣ ਅਤੇ ਪਟੀਸ਼ਨਰ ਦੇ ਪੁੱਤਰ ਵੱਲੋਂ ਆਪਣੀ ਮੌਤ ਤੋਂ ਪਹਿਲਾਂ ਦਿੱਤੀ ਗਈ ਰਜ਼ਾਮੰਦੀ ਸਦਕਾ, ਅਦਾਲਤ ਦੀ ਇਹ ਰਾਇ ਹੈ ਕਿ ਇਹ ਸ਼ੁਕਰਾਣੂਆਂ ਦੇ ਸੈਂਪਲਾਂ ਨੂੰ ਪਟੀਸ਼ਨਰਾਂ ਹਵਾਲੇ ਕੀਤੇ ਜਾਣ ਦਾ ਢੁਕਵਾਂ ਮਾਮਲਾ ਬਣਦਾ ਹੈ।’’

ਅਦਾਲਤ ਨੇ ਕਿਹਾ, ‘‘ਇਸ ਲਈ ਮੁਦਾਇਲਾ ਨੰ. 3 - ਗੰਗਾ ਰਾਮ ਹਸਪਤਾਲ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ - ਤਾਰੀਖ਼ 27 ਜੂਨ, 2020 ਨੂੰ ਆਈਵੀਐੱਫ਼ ਲੈਬ ਵਿਚ ਜਮਾ ਕੇ ਰੱਖੇ ਗਏ ਸ਼ੁਕਰਾਣੂਆਂ ਦੇ ਸੈਂਪਲਾਂ ਨੂੰ ਪਟੀਸ਼ਨਰਾਂ ਨੂੰ ਸੌਂਪ ਦੇਵੇ।’’ ਅਦਾਲਤ ਨੇ ਨਾਲ ਹੀ ਸਾਫ਼ ਕੀਤਾ ਹੈ ਕਿ ਸ਼ੁਕਰਾਣੂਆਂ ਦੇ ਨਮੂਨਿਆਂ ਨੂੰ ਕਿਸੇ ‘ਵਪਾਰਕ ਜਾਂ ਮਾਇਕ ਮਕਸਦ’ ਲਈ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ।

Advertisement