ਫ਼ਲਾਈਓਵਰ ਤੋਂ ਡਿੱਗਣ ਕਾਰਨ ਮੌਤ
ਪੂਰਬੀ ਦਿੱਲੀ ਦੇ ਪਾਂਡਵ ਨਗਰ ਇਲਾਕੇ ਨੇੜੇ ਵੀਰਵਾਰ ਸਵੇਰੇ ਇੱਕ 49 ਸਾਲਾ ਵਿਅਕਤੀ ਦੀ ਕਥਿਤ ਤੌਰ ’ਤੇ ਫਲਾਈਓਵਰ ਤੋਂ ਡਿੱਗਣ ਅਤੇ ਇੱਕ ਵਾਹਨ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਇਹ ਘਟਨਾ ਕੌਮੀ ਰਾਜਮਾਰਗ-24 ’ਤੇ ਅਤੇ ਮੰਗਲਮ ਫਲਾਈਓਵਰ ਦੇ ਨੇੜੇ ਵਾਪਰੀ। ਪੁਲੀਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਰਾਤ ਕਰੀਬ 12 ਵਜੇ ਦੇ ਨੇੜੇ ਵਾਪਰੀ। ਜਾਣਕਾਰੀ ਅਨੁਸਾਰ ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਫ਼ਲਾਈਓਵਰ ਤੋਂ ਡਿੱਗਣ ਵਾਲਾ ਵਿਅਕਤੀ ਪੈਦਲ ਸੀ ਜਾਂ ਕਿਸੇ ਵਾਹਨ ’ਤੇ ਸੀ। ਮੌਕੇ ’ਤੇ ਇੱਕ ਗੱਡੀ ਅਤੇ ਇੱਕ ਸਕੂਟਰ ਨੁਕਸਾਨਿਆ ਹੋਇਆ ਮਿਲਿਆ, ਪਰ ਜਦੋਂ ਤੱਕ ਪੁਲੀਸ ਮੌਕੇ ’ਤੇ ਪਹੁੰਚੀ ਸਥਾਨਕ ਲੋਕਾਂ ਨੇ ਜ਼ਖਮੀ ਵਿਅਕਤੀ ਨੂੰ ਲਾਲ ਬਹਾਦਰ ਸ਼ਾਸਤਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਸੀ। ਡਿਪਟੀ ਕਮਿਸ਼ਨਰ ਅਭਿਸ਼ੇਕ ਧਨੀਆ ਨੇ ਕਿਹਾ ਕਿ ਹਸਪਤਾਲ ਦੇ ਡਾਕਟਰਾਂ ਨੇ ਪੀੜਤ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਛਾਣ ਰਾਕੇਸ਼ ਕੁਮਾਰ ਅਗਰਵਾਲ ਵਜੋਂ ਹੋਈ, ਜੋ ਗਾਜ਼ੀਆਬਾਦ ਦੇ ਇੰਦਰਾਪੁਰਮ ਦਾ ਰਹਿਣ ਵਾਲਾ ਸੀ। ਸ਼ਿਕਾਇਤਕਰਤਾ ਆਟੋ ਡਰਾਈਵਰ ਅਮਿਤ ਕੁਮਾਰ ਦੇ ਅਨੁਸਾਰ ਉਹ ਗਾਜ਼ੀਪੁਰ ਵੱਲ ਜਾ ਰਿਹਾ ਸੀ ਜਦੋਂ ਉਸ ਨੇ ਇੱਕ ਵਿਅਕਤੀ ਨੂੰ ਫਲਾਈਓਵਰ ਤੋਂ ਸਰਵਿਸ ਰੋਡ ’ਤੇ ਡਿੱਗਦੇ ਦੇਖਿਆ। ਡੀ.ਸੀ.ਪੀ. ਨੇ ਕਿਹਾ ਕਿ ਗੰਭੀਰ ਰੂਪ ਵਿੱਚ ਜ਼ਖਮੀ ਵਿਅਕਤੀ ਨੂੰ ਕੁਝ ਰਾਹਗੀਰਾਂ ਦੀ ਮਦਦ ਨਾਲ ਅਮਿਤ ਕੁਮਾਰ ਦੇ ਆਟੋ ਵਿੱਚ ਹਸਪਤਾਲ ਲਿਜਾਇਆ ਗਿਆ। ਪੁਲੀਸ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪੀੜਤ ਨੂੰ ਫਲਾਈਓਵਰ ’ਤੇ ਕਿਸੇ ਅਣਪਛਾਤੇ ਭਾਰੀ ਵਾਹਨ ਨੇ ਟੱਕਰ ਮਾਰ ਦਿੱਤੀ ਹੋ ਸਕਦੀ ਹੈ, ਜਿਸ ਕਾਰਨ ਉਹ ਡਿੱਗ ਪਿਆ। ਉਨ੍ਹਾਂ ਕਿਹਾ ਕਿ ਹਾਦਸੇ ਦੀ ਜਾਂਚ ਜਾਰੀ ਹੈ।