ਅਹਿਮਦਾਬਾਦ ਜਹਾਜ਼ ਹਾਦਸੇ ਦੇ ਮ੍ਰਿਤਕ ਪਾਇਲਟ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ: ਕੇਂਦਰ
ਕੇਂਦਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ 12 ਜੂਨ ਨੂੰ ਹੋਏ ਜਹਾਜ਼ ਹਾਦਸੇ ਦੀ ਮੁੱਢਲੀ ਰਿਪੋਰਟ ਵਿੱਚ ਏਅਰ ਇੰਡੀਆ ਦੇ ਕੈਪਟਨ ਸੁਮੀਤ ਸਭਰਵਾਲ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ। ਇਸ ਹਾਦਸੇ ਵਿੱਚ 260 ਯਾਤਰੀਆਂ ਦੀ ਮੌਤ ਹੋ ਗਈ ਸੀ।
ਲੰਡਨ ਦੇ ਗੈਟਵਿਕ ਹਵਾਈ ਅੱਡੇ ਜਾ ਰਹੀ ਏਅਰ ਇੰਡੀਆ ਦੀ ਬੋਇੰਗ 787-8 ਉਡਾਣ AI171 ਨੂੰ ਪਾਇਲਟ-ਇਨ-ਕਮਾਂਡ ਕੈਪਟਨ ਸਭਰਵਾਲ ਅਤੇ ਸਹਿ-ਪਾਇਲਟ ਕੈਪਟਨ ਕਲਾਈਵ ਕੁੰਦਰ ਵਲੋਂ ਚਲਾਇਆ ਜਾ ਰਿਹਾ ਸੀ, ਜਿਹੜੇ ਅਹਿਮਦਾਬਾਦ ਤੋਂ ਉਡਾਣ ਭਰਨ ਤੋਂ ਬਾਅਦ ਹਾਦਸੇ ਵਿੱਚ ਮਾਰੇ ਗਏ ਸਨ। ਇਸ ਹਾਦਸੇ ਵਿੱਚ 241 ਯਾਤਰੀਆਂ ਅਤੇ ਚਾਲਕ ਦਲ ਸਮੇਤ 260 ਲੋਕਾਂ ਦੀ ਮੌਤ ਹੋ ਗਈ ਸੀ।
ਸਿਖਰਲੀ ਅਦਾਲਤ ਨੇ ਮ੍ਰਿਤਕ ਪਾਇਲਟ ਕੈਪਟਨ ਸੁਮੀਤ ਸਭਰਵਾਲ ਦੇ ਪਿਤਾ ਪੁਸ਼ਕਰਰਾਜ ਸਭਰਵਾਲ ਦੀ ਪਟੀਸ਼ਨ ’ਤੇ ਕੇਂਦਰ ਅਤੇ ਸਿਵਲ ਏਵੀਏਸ਼ਨ ਦੇ ਡਾਇਰੈਕਟਰ ਜਨਰਲ (DGCA) ਨੂੰ ਨੋਟਿਸ ਜਾਰੀ ਕੀਤਾ ਸੀ।
ਪੁਸ਼ਕਰਰਾਜ ਸਭਰਵਾਲ ਅਤੇ ਫੈਡਰੇਸ਼ਨ ਆਫ਼ ਇੰਡੀਅਨ ਪਾਇਲਟਸ ਨੇ ਅਹਿਮਦਾਬਾਦ ਵਿੱਚ ਏਅਰ ਇੰਡੀਆ ਫਲਾਈਟ AI171 ਦੇ ਹਾਦਸੇ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਹੇਠ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਜਸਟਿਸ ਸੂਰਿਆ ਕਾਂਤ ਅਤੇ ਬਾਗਚੀ ਦੇ ਬੈਂਚ ਨੂੰ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਕਿ ਜਹਾਜ਼ ਹਾਦਸੇ ਦੀ ਜਾਂਚ ਕਰਨ ਵਾਲੀ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬੋਰਡ (AAIB) ਟੀਮ ਦੀ ਸ਼ੁਰੂਆਤੀ ਰਿਪੋਰਟ ਵਿੱਚ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਗਿਆ ਸੀ ਤੇ ਅੰਤਰਿਮ ਰਿਪੋਰਟ ਜਾਰੀ ਹੋਣ ਤੋਂ ਬਾਅਦ ਪਾਇਲਟ ਦੀ ਗਲਤੀ ਬਾਰੇ ਕੁਝ ਗਲਤ ਧਾਰਨਾ ਸੀ।
