ਡੀ ਡੀ ਏ ਨੇ ਨਾਰਾਇਣਾ ਦਾ ਰਾਹ ਬੰਦ ਕੀਤਾ: ਪਾਠਕ
ਆਮ ਆਦਮੀ ਪਾਰਟੀ (ਆਪ) ਨੇ ਰਾਜਿੰਦਰ ਨਗਰ ਵਿਧਾਨ ਸਭਾ ਹਲਕੇ ਵਿੱਚ ਨਾਰਾਇਣਾ ਪਿੰਡ ਜਾਣ ਵਾਲੀ ਇੱਕੋ ਇੱਕ ਸੜਕ ਨੂੰ ਰੋਕਣ ਲਈ ਭਾਜਪਾ ਦੀ ਆਲੋਚਨਾ ਕੀਤੀ ਹੈ। ਸੀਨੀਅਰ ਆਗੂ ਨੇਤਾ ਦੁਰਗੇਸ਼ ਪਾਠਕ ਨੇ ਕਿਹਾ ਕਿ ਦਲਿਤ ਵਿਰੋਧੀ ਭਾਜਪਾ ਦੇ ਦਿੱਲੀ ਵਿਕਾਸ ਅਥਾਰਟੀ (ਡੀ ਡੀ ਏ) ਨੇ ਨਾਰਾਇਣਾ ਪਿੰਡ ਵਿੱਚ ਦਲਿਤ ਭਾਈਚਾਰੇ ਦਾ ਰਾਹ ਰੋਕਿਆ ਹੈ। ਉਨ੍ਹਾਂ ਕਿਹਾ, ‘‘ਜਦੋਂ ਮੈਂ ਵਿਧਾਇਕ ਸੀ, ਮੈਂ ਕਈ ਵਾਰ ਡੀ ਡੀ ਏ ਦੇ ਮੁਖੀ ਨਾਲ ਮੁਲਾਕਾਤ ਕੀਤੀ ਅਤੇ ਸੜਕ ਦੀ ਮੰਗ ਕੀਤੀ ਪਰ ਸੜਕ ਬਣਾਉਣ ਦੀ ਬਜਾਏ ਡੀ ਡੀ ਏ ਨੇ ਸੜਕ ’ਤੇ ਕੰਧ ਉਸਾਰ ਦਿੱਤੀ। ਛੇ ਮਹੀਨਿਆਂ ਤੋਂ ਭਾਜਪਾ ਸਰਕਾਰ ਨੇ ਨਾਰਾਇਣਾ ਪਿੰਡ ਨੂੰ ਪਾਣੀ ਦੇਣਾ ਵੀ ਬੰਦ ਕਰ ਦਿੱਤਾ ਹੈ।’’ ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਰੇਖਾ ਗੁਪਤਾ ਡੀ ਡੀ ਏ ਨੂੰ ਨਾਰਾਇਣਾ ਪਿੰਡ ਜਾਣ ਵਾਲੀ ਸੜਕ ਨੂੰ ਤੁਰੰਤ ਖੋਲ੍ਹਣ ਦੇ ਨਿਰਦੇਸ਼ ਦੇਣ। ਜੇਕਰ ਸੜਕ ਨਹੀਂ ਖੋਲ੍ਹੀ ਗਈ ਤਾਂ ਦਲਿਤ ਭਾਈਚਾਰਾ ਵੱਡਾ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗਾ। ‘ਆਪ’ ਹੈੱਡਕੁਆਰਟਰ ਵਿੱਚ ਵਿਧਾਇਕ ਕੁਲਦੀਪ ਕੁਮਾਰ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਦੁਰਗੇਸ਼ ਪਾਠਕ ਨੇ ਕਿਹਾ ਕਿ ਭਾਜਪਾ ਦੇਸ਼ ਦੇ ਦਲਿਤਾਂ ਨਾਲ ਬਹੁਤ ਨਫ਼ਰਤ ਕਰਦੀ ਹੈ। ਦੇਸ਼ ਦੇ ਲੋਕਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਇਹ ਦੇਖਿਆ ਹੈ। ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਦੇ ਨਾਮ ’ਤੇ ਵਿਸ਼ਵ ਪੱਧਰੀ ਸਕੂਲ ਬਣਾਏ ਪਰ ਭਾਜਪਾ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਬਾਬਾ ਸਾਹਿਬ ਦਾ ਨਾਮ ਹਟਾ ਕੇ ਆਪਣੇ ਨਾਮ ਵਾਲਾ ਬੋਰਡ ਲਗਾ ਦਿੱਤਾ ਹੈ। ਇਸ ਤੋਂ ਵੱਧ ਸ਼ਰਮਨਾਕ ਕੁਝ ਨਹੀਂ ਹੋ ਸਕਦਾ। ਹੁਣ ਸਰਕਾਰ ਨੇ ਨਰਾਇਣ ਪਿੰਡ ਦਾ ਰਾਹ ਰੋਕ ਦਿੱਤਾ ਹੈ।
