ਸੀਪੀ ਰਾਧਾਕ੍ਰਿਸ਼ਨਨ ਭਾਰਤ ਦੇ ਉਪ-ਰਾਸ਼ਟਰਪਤੀ ਬਣੇ
ਐਨਡੀਏ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਭਾਰਤ ਦੇ ਨਵੇਂ ਉਪ-ਰਾਸ਼ਟਰਪਤੀ ਚੁਣੇ ਗਏ। ਰਿਟਰਨਿੰਗ ਅਫਸਰ ਨੇ ਐਲਾਨ ਕੀਤਾ ਕਿ ਮਹਾਰਾਸ਼ਟਰ ਦੇ ਸਾਬਕਾ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੇ ਉਪ-ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ ਤੇ ਉਨ੍ਹਾਂ ਨੂੰ 452 ਵੋਟਾਂ ਮਿਲੀਆਂ। ਸੀਪੀ ਰਾਧਾਕ੍ਰਿਸ਼ਨਨ ਨੇ ਆਪਣੇ ਵਿਰੋਧੀ ਜਸਟਿਸ ਬੀ ਸੁਦਰਸ਼ਨ ਰੈਡੀ ਨੂੰ ਹਰਾਇਆ ਜਿਨ੍ਹਾਂ ਨੂੰ 300 ਵੋਟਾਂ ਮਿਲੀਆਂ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਕਾਂਗਰਸ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ 769 ਸੰਸਦ ਮੈਂਬਰਾਂ ਨੇ ਉਪ ਰਾਸ਼ਟਰਪਤੀ ਚੋਣ ਲਈ ਆਪਣੀ ਵੋਟ ਪਾਈ।
ਉਪ ਰਾਸ਼ਟਰਪਤੀ ਚੋਣ ਵਿੱਚ ਕੁੱਲ 98 ਫੀਸਦੀ ਵੋਟਿੰਗ ਦਰਜ ਕੀਤੀ ਗਈ। ਵੋਟਿੰਗ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਖ਼ਤਮ ਹੋਈ , ਜਦੋਂ ਕਿ ਵੋਟਾਂ ਦੀ ਗਿਣਤੀ ਸ਼ਾਮ 6 ਵਜੇ ਸ਼ੁਰੂ ਹੋਈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਇੱਕਜੁੱਟ ਰਹੀ ਅਤੇ ਇਸਦੇ ਸਾਰੇ 315 ਸੰਸਦ ਮੈਂਬਰਾਂ ਨੇ ਵੋਟਿੰਗ ਵਿੱਚ ਹਿੱਸਾ ਲਿਆ। ਦੇਸ਼ ਦੇ 17ਵੇਂ ਉਪ ਰਾਸ਼ਟਰਪਤੀ ਦੀ ਚੋਣ ਲਈ ਚੋਣ ਮੰਡਲ ਵਿੱਚ ਰਾਜ ਸਭਾ ਦੇ 233 ਚੁਣੇ ਹੋਏ ਮੈਂਬਰ (ਪੰਜ ਸੀਟਾਂ ਇਸ ਵੇਲੇ ਖਾਲੀ ਹਨ), 12 ਨਾਮਜ਼ਦ ਮੈਂਬਰ ਅਤੇ ਲੋਕ ਸਭਾ ਦੇ 543 ਚੁਣੇ ਹੋਏ ਮੈਂਬਰ (ਇੱਕ ਸੀਟ ਇਸ ਵੇਲੇ ਖਾਲੀ ਹੈ) ਸ਼ਾਮਲ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ ਆਪਣੀ ਵੋਟ ਪਾਈ। ਮੋਦੀ ਨੇ ਕੇਂਦਰੀ ਮੰਤਰੀਆਂ ਕਿਰੇਨ ਰਿਜੀਜੂ, ਅਰਜੁਨ ਰਾਮ ਮੇਘਵਾਲ, ਜਤਿੰਦਰ ਸਿੰਘ ਅਤੇ ਐਲ. ਮੁਰੂਗਨ ਦੇ ਨਾਲ ਸੰਸਦ ਭਵਨ ਦੇ ਵਸੁਧਾ ਦੇ ਕਮਰਾ ਨੰਬਰ 101 ਵਿੱਚ ਸਥਾਪਤ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਈ।
ਪੋਲਿੰਗ ਦੌਰਾਨ ਸੱਤਾਧਾਰੀ ਐੱਨਡੀਏ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਤੇ ‘ਇੰਡੀਆ’ ਗੱਠਜੋੜ ਦੇ ਸਾਂਝੇ ਉਮੀਦਵਾਰ ਬੀ.ਸੁਦਰਸ਼ਨ ਰੈੱਡੀ ਦਰਮਿਆਨ ਸਿੱਧਾ ਮੁਕਾਬਲਾ ਸੀ। ਹਾਲਾਂਕਿ ਗਿਣਤੀਆਂ ਮਿਣਤੀਆਂ ਪੱਖੋਂ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਉਮੀਦਵਾਰ ਰਾਧਾਕ੍ਰਿਸ਼ਨਨ ਦਾ ਹੱਥ ਉੱਤੇ ਸੀ। ਜਗਦੀਧ ਧਨਖੜ ਵੱਲੋਂ ਮੌਨਸੂਨ ਇਜਲਾਸ ਦੇ ਪਹਿਲੇ ਦਿਨ 21 ਜੁਲਾਈ ਨੂੰ ਅਚਾਨਕ ਸਿਹਤ ਕਾਰਨਾਂ ਦੇ ਹਵਾਲੇ ਨਾਲ ਅਸਤੀਫ਼ਾ ਦੇਣ ਕਰਕੇ ਉਪ ਰਾਸ਼ਟਰਪਤੀ ਦੀ ਚੋਣ ਕਰਵਾਉਣੀ ਪਈ ਹੈ।
ਜਗਦੀਪ ਧਨਖੜ ਵੱਲੋਂ 21 ਜੁਲਾਈ ਨੂੰ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਚੋਣ ਜ਼ਰੂਰੀ ਹੋ ਗਈ ਸੀ। ਧਨਖੜ ਦੇ ਪੰਜ ਸਾਲਾਂ ਦੇ ਕਾਰਜਕਾਲ ਦੇ ਅਜੇ ਦੋ ਸਾਲ ਬਾਕੀ ਸਨ ਜਦੋਂ ਉਨ੍ਹਾਂ ਨੇ ਅਚਾਨਕ ਆਪਣਾ ਅਸਤੀਫਾ ਦੇ ਦਿੱਤਾ। ਚੁਣੇ ਗਏ ਉਪ-ਰਾਸ਼ਟਰਪਤੀ ਨੂੰ ਪੂਰਾ ਪੰਜ ਸਾਲ ਦਾ ਕਾਰਜਕਾਲ ਮਿਲੇਗਾ।
ਦੇਸ਼ ਆਜ਼ਾਦੀ ਮਗਰੋਂ ਇਹ ਤੀਜੀ ਵਾਰ ਸੀ ਜਦੋਂ ਕਿਸੇ ਉਪ-ਰਾਸ਼ਟਰਪਤੀ ਨੇ ਆਪਣੇ ਕਾਰਜਕਾਲ ਦੇ ਵਿਚਾਲੇ ਅਸਤੀਫਾ ਦੇ ਦਿੱਤਾ। ਇਸ ਤੋਂ ਪਹਿਲਾਂ ਵੀ.ਵੀ. ਗਿਰੀ ਅਤੇ ਆਰ. ਵੈਂਕਟਰਮਨ ਨੇ ਰਾਸ਼ਟਰਪਤੀ ਚੋਣਾਂ ਲੜਨ ਲਈ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੰਵਿਧਾਨ ਦੀ ਧਾਰਾ 66 ਅਨੁਸਾਰ, ਉਪ-ਰਾਸ਼ਟਰਪਤੀ ਦੀ ਚੋਣ ਸੰਸਦ ਦੇ ਦੋਵਾਂ ਸਦਨਾਂ ਦੇ ਮੈਂਬਰਾਂ ਵਾਲੇ ਚੋਣ ਮੰਡਲ ਦੇ ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ, ਜੋ ਕਿ ਸਿੰਗਲ ਟ੍ਰਾਂਸਫਰੇਬਲ ਵੋਟ ਦੁਆਰਾ ਅਨੁਪਾਤਕ ਪ੍ਰਤੀਨਿਧਤਾ ਪ੍ਰਣਾਲੀ ਮੁਤਾਬਕ ਹੁੰਦਾ ਹੈ।