DUSU ਚੋਣਾਂ: ਏਬੀਵੀਪੀ ਉਮੀਦਵਾਰਾਂ ਨੇ ਵੱਡੀ ਲੀਡ ਲਈ
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (DUSU) ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁੱਕਰਵਾਰ ਸਵੇਰੇ ਸ਼ੁਰੂ ਹੋ ਗਈ। ਗਿਆਰਾਂ ਗੇੜਾਂ ਦੀ ਗਿਣਤੀ ਤੋਂ ਬਾਅਦ ਪ੍ਰਧਾਨ ਦੀ ਚੋਣ ਲਈ ਏਬੀਵੀਪੀ ਦੇ ਆਰੀਅਨ ਮਾਨ (ABVP) ਨੇ 14642 ਵੋਟਾਂ ਨਾਲ ਵੱਡੀ ਲੀਡ ਲੈ ਲਈ ਹੈ। ਉਨ੍ਹਾਂ ਦੇ ਮੁਕਾਬਲੇ ਜੋਸਲਿਨ ਚੌਧਰੀ (NSUI) ਨੂੰ 6906 ਜਦੋਂਕਿ ਉਮਾਂਸ਼ੀ ਲਾਂਬਾ (ਵਿਅਕਤੀਗਤ) ਨੂੰ 3302 ਵੋਟ ਮਿਲੇ ਹਨ। ਇਸੇ ਤਰ੍ਹਾਂ ਸਕੱਤਰ ਦੇ ਅਹੁਦੇ ਲਈ ਵੀ ਏਬੀਵੀਪੀ ਦਾ ਕੁਨਾਲ ਚੌਧਰੀ 12537 ਵੋਟਾਂ ਨਾਲ ਆਪਣੇ ਵਿਰੋਧੀ ਉਮੀਦਵਾਰ NSUI ਦੇ ਕਬੀਰ ਤੋਂ ਕਾਫੀ ਅੱਗੇ ਲੰਘ ਗਿਆ ਹੈ। ਕਬੀਰ ਨੂੰ ਅਜੇ ਤੱਕ 8678 ਵੋਟ ਮਿਲੇ ਹਨ। ਉਪ ਪ੍ਰਧਾਨ ਲਈ ਗੋਵਿੰਦ ਤੰਵਰ (ਏਬੀਵੀਪੀ) ਨੂੰ 11277 ਤੇ ਰਾਹੁਲ ਝਾਂਸਲਾ ਯਾਦਵ (NSUI) ਨੂੰ 15409 ਵੋਟ ਮਿਲੇ ਹਨ।
ਵੀਰਵਾਰ ਨੂੰ ਹੋਈ ਵੋਟਿੰਗ ਦੌਰਾਨ 39.45 ਫੀਸਦ ਪੋਲਿੰਗ ਦਰਜ ਕੀਤੀ ਗਈ ਹੈ। ਇਸ ਸਾਲ ਵੋਟਿੰਗ ਪਿਛਲੇ ਸਾਲ ਦੇ ਮੁਕਾਬਲੇ ਚਾਰ ਫੀਸਦ ਵਧੀ ਹੈ। ਵੋਟਿੰਗ ਦੋ ਸ਼ਿਫਟਾਂ- ਦਿਨ ਦੀਆਂ ਕਲਾਸਾਂ ਲਈ ਸਵੇਰੇ 8.30 ਵਜੇ ਤੋਂ ਦੁਪਹਿਰ 1 ਵਜੇ ਤੱਕ ਅਤੇ ਸ਼ਾਮ ਦੀਆਂ ਕਲਾਸਾਂ ਲਈ ਦੁਪਹਿਰ 3 ਵਜੇ ਤੋਂ ਸ਼ਾਮ 7.30 ਵਜੇ ਤੱਕ- ਵਿੱਚ ਹੋਈ। ਇਨ੍ਹਾਂ ਚੋਣਾਂ ਵਿਚ ਮੁਕਾਬਲਾ ਮੁੱਖ ਤੌਰ ’ਤੇ RSS-ਸਬੰਧਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਅਤੇ ਕਾਂਗਰਸ ਦੀ ਹਮਾਇਤ ਵਾਲੇ ਰਾਸ਼ਟਰੀ ਵਿਦਿਆਰਥੀ ਸੰਘ (NSUI) ਵਿਚਾਲੇ ਹੈ।
ਐੱਨਐੱਸਯੂਆਈ ਨੇ ਬੋਧੀ ਅਧਿਐਨ ਦੀ ਪੋਸਟ ਗ੍ਰੈਜੂਏਟ ਵਿਦਿਆਰਥਣ ਜੋਸਲਿਨ ਨੰਦਿਤਾ ਚੌਧਰੀ ਨੂੰ ਪ੍ਰਧਾਨ ਦੇ ਅਹੁਦੇ ਲਈ ਮੈਦਾਨ ਵਿੱਚ ਉਤਾਰਿਆ ਹੈ ਜਦੋਂਕਿ ਏਬੀਵੀਪੀ ਨੇ ਪ੍ਰਧਾਨਗੀ ਦੇ ਅਹੁਦੇ ਲਈ ਲਾਇਬਰੇਰੀ ਸਾਇੰਸ ਵਿਭਾਗ ਤੋਂ ਆਰੀਅਨ ਮਾਨ ’ਤੇ ਦਾਅ ਖੇਡਿਆ ਹੈ। ਇਸ ਸਾਲ DUSU ਚੋਣਾਂ ਲਈ ਪ੍ਰਚਾਰ ਵਿੱਚ ਇੱਕ ਸਪੱਸ਼ਟ ਬਦਲਾਅ ਆਇਆ। ਕਈ ਸਾਲਾਂ ਵਿੱਚ ਪਹਿਲੀ ਵਾਰ ਯੂਨੀਵਰਸਿਟੀ ਦੇ ਕਾਲਜਾਂ ਅਤੇ ਹੋਸਟਲਾਂ ਦੀਆਂ ਕੰਧਾਂ ਪੋਸਟਰਾਂ ਅਤੇ ਗ੍ਰੈਫਿਟੀ ਤੋਂ ਮੁਕਤ ਰਹੀਆਂ ਕਿਉਂਕਿ ਅਧਿਕਾਰੀਆਂ ਨੇ ਲਿੰਗਦੋਹ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਗਾੜ ਵਿਰੋਧੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਸੀ।
ਮੁੱਖ ਚੋਣ ਅਧਿਕਾਰੀ ਪ੍ਰੋਫੈਸਰ ਰਾਜ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਦਾ ਅਮਲ ਸਮੇਂ ਸਿਰ ਸ਼ੁਰੂ ਹੋ ਗਿਆ ਸੀ ਅਤੇ ਕਈ ਦੌਰਾਂ ਵਿੱਚ ਚੱਲੇਗਾ। ਉਨ੍ਹਾਂ ਕਿਹਾ, ‘‘ਉਮੀਦਵਾਰਾਂ ਦੇ ਸਾਹਮਣੇ ਸਟਰਾਂਗ ਰੂਮ ਖੋਲ੍ਹਿਆ ਗਿਆ ਸੀ, ਅਤੇ ਫਿਰ ਪ੍ਰਕਿਰਿਆ ਮਸ਼ੀਨਾਂ ਵਿੱਚ ਤਬਦੀਲ ਹੋ ਗਈ। ਗਿਣਤੀ ਲਈ ਇੱਕ ਵੱਡੀ ਟੀਮ ਤਾਇਨਾਤ ਕੀਤੀ ਗਈ ਹੈ, ਜਿਸ ਵਿੱਚ ਈਵੀਐਮ ਦੇ ਆਧਾਰ ’ਤੇ 18 ਤੋਂ 20 ਦੌਰ ਦੀ ਗਿਣਤੀ ਹੋਣ ਦੀ ਸੰਭਾਵਨਾ ਹੈ। ਗੇੜ ਪੂਰਾ ਹੋਣ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ। ਇਸ ਸਾਲ ਉਤਸ਼ਾਹਜਨਕ ਗੱਲ ਇਹ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਵੋਟਰਾਂ ਦੀ ਗਿਣਤੀ ਲਗਭਗ 4 ਪ੍ਰਤੀਸ਼ਤ ਵਧੀ ਹੈ।’’
11 ਗੇੜਾਂ ਦੀ ਗਿਣਤੀ ਤੋਂ ਬਾਅਦ ਮੌਜੂਦਾ ਸਥਿਤੀ
ਪ੍ਰਧਾਨ
ਆਰੀਅਨ ਮਾਨ (ABVP): 14642
ਜੋਸਲਿਨ ਚੌਧਰੀ (NSUI): 6906
ਉਮਾਂਸ਼ੀ ਲਾਂਬਾ (ਵਿਅਕਤੀਗਤ): 3302
ਉਪ ਪ੍ਰਧਾਨ
ਗੋਵਿੰਦ ਤੰਵਰ (ਏਬੀਵੀਪੀ): 11277
ਰਾਹੁਲ ਝਾਂਸਲਾ ਯਾਦਵ (NSUI): 15409
ਸਕੱਤਰ
ਕੁਨਾਲ ਚੌਧਰੀ (ਏ.ਬੀ.ਵੀ.ਪੀ.): 12537
ਕਬੀਰ (NSUI): 8678
ਸੰਯੁਕਤ ਸਕੱਤਰ -
ਦੀਪਿਕਾ ਝਾਅ (ABVP): 11144
ਲਵਕੁਸ਼ ਭਡਾਨਾ (NSUI): 9914