ਲੱਖਾਂ ਰੁਪਏ ਦੇ ਨਕਲੀ ਉਤਪਾਦ ਬਰਾਮਦ
ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਛਾਪੇਮਾਰੀ ਕਰ ਕੇ ਕਈ ਨਾਮੀ ਕੰਪਨੀਆਂ ਦੇ ਉਤਪਾਦਾਂ ਦੇ ਨਕਲੀ ਸਮਾਨ ਨੂੰ ਬਰਾਮਦ ਕੀਤਾ ਹੈ। ਬਰਾਮਦ ਪਦਾਰਥਾਂ ਵਿੱਚ ਸੈਂਸੋਡਾਈਨ ਅਤੇ ਗੋਲਡ ਫਲੇਕ ਸਿਗਰਟ ਦੇ ਭਰੇ ਡੱਬੇ ਸ਼ਾਮਲ ਹਨ। ਅਪਰਾਧ ਸ਼ਾਖਾ ਨੇ ਦਿੱਲੀ ਦੇ ਰੋਹਿਣੀ, ਬਵਾਨਾ ਅਤੇ ਮਜ਼ਰੀਕਰਾਲਾ ਦੀਆਂ ਤਿੰਨ ਫੈਕਟਰੀਆਂ ਵਿੱਚ ਛਾਪੇਮਾਰੀ ਕੀਤੀ, ਨਾਲ ਹੀ ਇਹ ਨਕਲੀ ਸਮਾਨ ਬਣਾਉਣ ਲਈ ਵਰਤੀ ਜਾਂਦੀ ਮਸ਼ੀਨਰੀ, ਪੈਕੇਜਿੰਗ ਸਮੱਗਰੀ ਅਤੇ ਨਕਲੀ ਸੈਂਸੋਡਾਈਨ ਅਤੇ ਗੋਲਡ ਫਲੇਕ ਸਿਗਰਟਾਂ ਬਰਾਮਦ ਕੀਤੀਆਂ ਗਈਆਂ। ਨਕਲੀ ਸਮਾਨ ਬਣਾਏ ਜਾਣ ਦੀ ਸ਼ਿਕਾਇਤ ਮਿਲਣ ਮਗਰੋਂ ਵਿਜੇ ਵਿਹਾਰ, ਫੇਜ਼-1, ਰੋਹਿਣੀ ਦਿੱਲੀ, ਕੇਲਾ ਘਾਟ ਮਾਰਗ, ਕਸ਼ਮੀਰੀ ਗੇਟ, ਸੈਕਟਰ-3, ਬਵਾਨਾ ਅਤੇ ਮੁਹੰਮਦਪੁਰ ਮਜ਼ਰੀ-ਕਰਾਲਾ, ਦਿੱਲੀ ਵਿੱਚ ਛਾਪੇਮਾਰੀ ਕੀਤੀ ਗਈ। ਕਥਿਤ ਦੋਸ਼ੀ ਮਹਾਵੀਰ ਜੈਨ (28) ਨਿਵਾਸੀ ਰਾਜੇਂਦਰ ਨਗਰ, ਗਾਜ਼ੀਆਬਾਦ (ਯੂਪੀ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਨਕਲੀ ਸੈਂਸੋਡਾਈਨ ਦੀ ਵਿਕਰੀ ਅਤੇ ਖਰੀਦ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲ ਕੀਤੀ।