ਮੋਦੀ ਵੱਲੋਂ ਜੀਐੱਸਟੀ ਦੇ ‘ਗੁੰਮਰਾਹਕੁਨ’ ਦਾਅਵਿਆਂ ਲਈ ਕਾਂਗਰਸ ਦੀ ਝਾੜ-ਝੰਬ
ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਦੌਰਾਨ ‘ਟੈਕਸ ਲੁੱਟ’ ਹੋਈ ਅਤੇ ਲੋਕਾਂ ’ਤੇ ਭਾਰੀ ਟੈਕਸਾਂ ਦਾ ਬੋਝ ਸੀ।
ਇੱਥੇ ਯੂਪੀ ਇੰਟਰਨੈਸ਼ਨਲ ਟਰੇਡ ਸ਼ੋਅ (ਯੂਪੀਆਈਟੀਐੱਸ) ਦਾ ਉਦਘਾਟਨ ਕਰਨ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ਼ ਤਿੰਨ ਦਿਨ ਪਹਿਲਾਂ (22 ਸਤੰਬਰ) ਅਗਲੀ ਪੀੜ੍ਹੀ ਦੇ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਸੁਧਾਰ ਲਾਗੂ ਕੀਤੇ ਗਏ ਸਨ।
ਇਸ ਨੂੰ ‘ਢਾਂਚਾਗਤ ਬਦਲਾਅ’ ਦੱਸਦਿਆਂ, ਜੋ ਭਾਰਤ ਦੀ ਵਿਕਾਸ ਕਹਾਣੀ ਨੂੰ ਨਵੇਂ ਖੰਭ ਦੇਣਗੇ, ਉਨ੍ਹਾਂ ਕਿਹਾ ਕਿ ਸੁਧਾਰ ਜੀਐੱਸਟੀ ਰਜਿਸਟ੍ਰੇਸ਼ਨ ਨੂੰ ਸਰਲ ਬਣਾਉਣਗੇ, ਟੈਕਸ ਵਿਵਾਦਾਂ ਨੂੰ ਘਟਾਉਣਗੇ ਅਤੇ ਐੱਮਐੱਸਐੱਮਈ ਲਈ ਰਿਫੰਡ ਨੂੰ ਹੁਲਾਰਾ ਦੇਣਗੇ, ਜਿਸ ਨਾਲ ਹਰ ਖੇਤਰ ਨੂੰ ਲਾਭ ਹੋਵੇਗਾ।
ਉਨ੍ਹਾਂ ਕਿਹਾ, ‘‘ਇਸ ਦੇ ਬਾਵਜੂਦ ਕੁਝ ਸਿਆਸੀ ਪਾਰਟੀਆਂ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਕਾਂਗਰਸ ਅਤੇ ਇਸ ਦੇ ਸਹਿਯੋਗੀ, ਜੋ 2014 ਤੋਂ ਪਹਿਲਾਂ ਸਰਕਾਰ ਚਲਾ ਰਹੇ ਸਨ, ਆਪਣੀ ਸਰਕਾਰ ਦੀਆਂ ਨਾਕਾਮੀਆਂ ਲੁਕਾਉਣ ਲਈ ਲੋਕਾਂ ਨੂੰ ਝੂਠ ਬੋਲ ਰਹੇ ਹਨ।’’
ਮੋਦੀ ਨੇ ਕਿਹਾ, ‘‘ਸੱਚਾਈ ਇਹ ਹੈ ਕਿ ਕਾਂਗਰਸ ਸਰਕਾਰਾਂ ਦੌਰਾਨ, ਟੈਕਸਾਂ ਰਾਹੀਂ ਵੱਡੇ ਪੱਧਰ ’ਤੇ ਲੁੱਟ-ਖਸੁੱਟ ਹੋਈ ਸੀ ਅਤੇ ਲੁੱਟੇ ਗਏ ਪੈਸੇ ਨੂੰ ਵੀ ਹੋਰ ਲੁੱਟਿਆ ਜਾ ਰਿਹਾ ਸੀ। ਦੇਸ਼ ਦੇ ਆਮ ਨਾਗਰਿਕ ਟੈਕਸਾਂ ਦੇ ਬੋਝ ਕਾਰਨ ਪ੍ਰੇਸ਼ਾਨ ਸਨ।’’
ਉਨ੍ਹਾਂ ਕਿਹਾ ਕਿ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਮੁਕਤ ਕਰਕੇ ਅਤੇ ਨਵੇਂ ਜੀਐੱਸਟੀ ਸੁਧਾਰਾਂ ਨੂੰ ਲਾਗੂ ਕਰਕੇ, ਨਾਗਰਿਕ ਇਸ ਸਾਲ ਹੀ 2.5 ਲੱਖ ਕਰੋੜ ਰੁਪਏ ਬਚਾਉਣ ਲਈ ਤਿਆਰ ਹਨ। ਮੋਦੀ ਨੇ ਕਿਹਾ, ‘‘ਦੇਸ਼ ਜੀਐੱਸਟੀ ਬਚਤ ਉਤਸਵ (ਬਚਤ ਤਿਉਹਾਰ) ਮਨਾ ਰਿਹਾ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੱਸੇਦਾਰਾਂ ਨੇ ਤਿੰਨ ਵੱਖ-ਵੱਖ ਪੜਾਵਾਂ ਦਾ ਅਨੁਭਵ ਕੀਤਾ ਹੈ, ਜੀਐੱਸਟੀ ਤੋਂ ਪਹਿਲਾਂ, ਜੀਐੱਸਟੀ ਤੋਂ ਬਾਅਦ ਅਤੇ ਹੁਣ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰ।
ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ ਟੈਕਸਾਂ ਦੀ ਬਹੁਤਾਤ ਨੇ ਕਾਰੋਬਾਰੀ ਲਾਗਤਾਂ ਅਤੇ ਘਰੇਲੂ ਬਜਟ ਦੋਵਾਂ ਦਾ ਪ੍ਰਬੰਧਨ ਕਰਨਾ ਮੁਸ਼ਕਲ ਬਣਾ ਦਿੱਤਾ ਸੀ।
ਉਨ੍ਹਾਂ ਕਿਹਾ, ‘‘1,000 ਰੁਪਏ ਦੀ ਕੀਮਤ ਵਾਲੀ ਕਮੀਜ਼ ’ਤੇ 2014 ਤੋਂ ਪਹਿਲਾਂ ਲਗਭਗ 170 ਰੁਪਏ ਟੈਕਸ ਲੱਗਦਾ ਸੀ। 2017 ਵਿੱਚ ਜੀਐੱਸਟੀ ਲਾਗੂ ਹੋਣ ਤੋਂ ਬਾਅਦ, ਇਹ ਘੱਟ ਕੇ 50 ਰੁਪਏ ਹੋ ਗਿਆ। 22 ਸਤੰਬਰ ਤੋਂ ਲਾਗੂ ਸੋਧੀਆਂ ਦਰਾਂ ਦੇ ਨਾਲ, ਉਹੀ 1,000 ਰੁਪਏ ਦੀ ਕਮੀਜ਼ ’ਤੇ ਹੁਣ ਸਿਰਫ 35 ਰੁਪਏ ਟੈਕਸ ਲੱਗਦਾ ਹੈ।’’
ਪੇਂਡੂ ਅਰਥਵਿਵਸਥਾ ਵਿੱਚ ਟਰੈਕਟਰਾਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ ਇੱਕ ਟਰੈਕਟਰ ਖਰੀਦਣ ’ਤੇ 70,000 ਰੁਪਏ ਤੋਂ ਵੱਧ ਟੈਕਸ ਲੱਗਦਾ ਸੀ। ਹੁਣ ਉਸੇ ਟਰੈਕਟਰ ’ਤੇ ਸਿਰਫ਼ 30,000 ਰੁਪਏ ਟੈਕਸ ਲੱਗਦਾ ਹੈ, ਜਿਸ ਨਾਲ ਕਿਸਾਨਾਂ ਨੂੰ 40,000 ਰੁਪਏ ਤੋਂ ਵੱਧ ਦੀ ਸਿੱਧੀ ਬੱਚਤ ਹੁੰਦੀ ਹੈ।
ਇਸ ਤੋਂ ਇਲਾਵਾ ਗਰੀਬਾਂ ਲਈ ਰੁਜ਼ਗਾਰ ਦਾ ਇੱਕ ਵੱਡਾ ਸਰੋਤ, ਤਿੰਨ ਪਹੀਆ ਵਾਹਨ, ਪਹਿਲਾਂ 55,000 ਰੁਪਏ ਟੈਕਸ ਅਧੀਨ ਆਉਂਦੇ ਸਨ, ਜੋ ਕਿ ਘਟ ਕੇ 35,000 ਰੁਪਏ ਹੋ ਗਏ ਹਨ, ਜਿਸ ਨਾਲ ਖਰੀਦਦਾਰਾਂ ਦੇ ਹੱਥ 20,000 ਰੁਪਏ ਦੀ ਬੱਚਤ ਹੋਈ ਹੈ।
ਪ੍ਰਧਾਨ ਮੰਤਰੀ ਨੇ ਦੋਪਹੀਆ ਵਾਹਨਾਂ ’ਤੇ ਟੈਕਸ ਘਟਾਉਣ ਦੀ ਉਦਾਹਰਨ ਵੀ ਦਿੱਤੀ। ਜੀਐੱਸਟੀ ਦਰਾਂ ਘੱਟ ਹੋਣ ਕਾਰਨ ਉਨ੍ਹਾਂ ਕਿਹਾ ਕਿ 2014 ਦੇ ਮੁਕਾਬਲੇ ਸਕੂਟਰ ਹੁਣ 8,000 ਰੁਪਏ ਸਸਤੇ ਅਤੇ ਮੋਟਰਸਾਈਕਲ 9,000 ਰੁਪਏ ਸਸਤੇ ਹਨ।
ਉਨ੍ਹਾਂ ਕਿਹਾ ਕਿ ਇਹ ਬੱਚਤਾਂ ਗਰੀਬਾਂ, ਨੀਮ-ਮੱਧਵਰਗੀ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਇੱਕੋ ਜਿਹੇ ਲਾਭ ਪਹੁੰਚਾਉਂਦੀਆਂ ਹਨ।