ਵੋਟ ਚੋਰੀ ਪਿੱਛੇ ਕਾਂਗਰਸ ਜ਼ਿੰਮੇਵਾਰ: ਪ੍ਰਿਅੰਕਾ ਕੱਕੜ
ਆਮ ਆਦਮੀ ਪਾਰਟੀ ਨੇ ਭਾਜਪਾ ਅਤੇ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਚੋਣ ਪ੍ਰਕਿਰਿਆ ਵਿੱਚ ਕੀਤੀ ਜਾ ਰਹੀ ਧੋਖਾਧੜੀ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਇਆ ਹੈ। ‘ਆਪ’ ਦੀ ਮੁੱਖ ਬੁਲਾਰਾ ਪ੍ਰਿਅੰਕਾ ਕੱਕੜ ਨੇ ਕਿਹਾ ਕਿ ਭਾਜਪਾ ਅਤੇ ਚੋਣ ਕਮਿਸ਼ਨ ਦੀ ‘ਵੋਟ ਚੋਰੀ’ ਪਿੱਛੇ ਕਾਂਗਰਸ ਦੀ ਚੁੱਪੀ ਮੁੱਖ ਕਾਰਨ ਹੈ।
ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਭਾਜਪਾ ਅਤੇ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਦਿੱਲੀ ਵਿੱਚ ਵੋਟ ਕੱਟਣ, ਗੁਜਰਾਤ ’ਚ ਉਨ੍ਹਾਂ ਦੇ ਉਮੀਦਵਾਰ ਦੀ ਘਰ ਵਿੱਚ ਨਜ਼ਰਬੰਦੀ ਕਰਨ, ਅਤੇ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਅਨਿਲ ਮਸੀਹ ਵੱਲੋਂ ਸ਼ਰੇਆਮ ਵੋਟਾਂ ਨਾਲ ਛੇੜਛਾੜ ਦਾ ਮੁੱਦਾ ਉਠਾਇਆ ਤਾਂ ਕਾਂਗਰਸ ਚੁੱਪ ਰਹੀ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਦਿੱਲੀ ਵਿੱਚ ਭਾਜਪਾ ਦੀਆਂ ਫ਼ਰਜ਼ੀ ਵੋਟਾਂ ਜੋੜਨ ਅਤੇ ਹਟਾਉਣ ਦਾ ਖੁਲਾਸਾ ਕਰਨ ‘ਤੇ ਵੀ ਕਾਂਗਰਸ ਨੇ ਕੁਝ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਮਹਾਰਾਸ਼ਟਰ ਕਰਨਾਟਕ ਬਾਰੇ ਗੱਲ ਕਰ ਰਹੀ ਹੈ, ਪਰ ਦਿੱਲੀ ਵਿੱਚ ‘ਵੋਟ ਚੋਰੀ’ ਦਾ ਜ਼ਿਕਰ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਇਹ ਰਵੱਈਆ ਕਾਂਗਰਸ ਦਾ ਦੋਗਲਾਪਣ ਦਰਸਾਉਂਦਾ ਹੈ। ਕਾਂਗਰਸ ਦੀ ਇਸ ਚੁੱਪੀ ਕਾਰਨ, ਬਿਹਾਰ ਵਿੱਚ ਐੱਸਆਈਆਰ ਰਾਹੀਂ ਅਸਲੀ ਵੋਟਰਾਂ ਦੇ ਨਾਮ ਮਿਟਾਏ ਜਾ ਰਹੇ ਨੇ ਤੇ ਨਕਲੀ ਵੋਟਰ ਸ਼ਾਮਲ ਕੀਤੇ ਜਾ ਰਹੇ ਹਨ। ‘ਆਪ’ ਆਗੂ ਪ੍ਰਿਅੰਕਾ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਕਾਂਗਰਸ ਵਾਂਗ ਨਾ ਕਰਨ, ‘ਵੋਟ ਚੋਰੀ’ ਵਿਰੁੱਧ ਭਾਜਪਾ ਅਤੇ ਚੋਣ ਕਮਿਸ਼ਨ ਵਿਰੁੱਧ ਇੱਕਜੁੱਟ ਹੋ ਕੇ ਅਵਾਜ਼ ਬੁਲੰਦ ਕਰਨ। ਪ੍ਰਿਯੰਕਾ ਕੱਕੜ ਨੇ ਕਿਹਾ ਕਿ ਚਾਰ ਮਹੀਨਿਆਂ ਤੱਕ ‘ਆਪ’ ਆਗੂਆਂ ਨੇ ਲਗਾਤਾਰ ਪ੍ਰੈਸ ਕਾਨਫਰੰਸਾਂ ਕੀਤੀਆਂ ਅਤੇ ਦੱਸਿਆ ਕਿ ਕਿਵੇਂ ਭਾਜਪਾ ਵਰਕਰ ਵਿਸ਼ਾਲ ਭਾਰਦਵਾਜ ਨੇ ਸ਼ਾਹਦਰਾ ਵਿਧਾਨ ਸਭਾ ਹਲਕੇ ਵਿੱਚ ਨਾਮ ਹਟਾਉਣ ਲਈ 11,018 ਪਟੀਸ਼ਨਾਂ ਦਾਇਰ ਕੀਤੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਦੱਸਿਆ ਕਿ ਭਾਜਪਾ ਨੇ ਦਿੱਲੀ ਦੀਆਂ 14 ਵਿਧਾਨ ਸਭਾਵਾਂ ਵਿੱਚ ਵੋਟਾਂ ਹਟਾਉਣ ਲਈ ਅਰਜ਼ੀ ਦਿੱਤੀ ਸੀ। ਉਨ੍ਹਾਂ ਚੋਣ ਕਮਿਸ਼ਨ ਕੋਲ 3 ਹਜ਼ਾਰ ਪੰਨਿਆਂ ਦੀ ਪਟੀਸ਼ਨ ਦਾਇਰ ਕੀਤੀ, ਜਿਸ ਵਿੱਚ ਸਾਰੇ ਸਬੂਤ ਅਤੇ ਇੱਕ ਹਲਫ਼ਨਾਮੇ ਸੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਅੱਜ ਤੱਕ ਇਸ ਮਾਮਲੇ ‘ਤੇ ਚੁੱਪ ਹੈ ਅਤੇ ਕਾਂਗਰਸ ਵੀ ਅਜੇ ਤੱਕ ਭਾਜਪਾ ਪੱਖੀ ਰਵੱਈਆ ਅਪਣਾ ਕੇ ਚੁੱਪ ਧਾਰੀ ਬੈਠੀ ਹੈ।