ਦਿੱਲੀ ਪ੍ਰਦੇਸ਼ ਕਾਂਗਰਸ ਵੱਲੋਂ ਅੱਜ ਦਿੱਲੀ ਵਿਧਾਨ ਸਭਾ ਦੇ ਬਾਹਰ ਕੌਮੀ ਰਾਜਧਾਨੀ ਅੰਦਰ ਵੱਖ-ਵੱਖ ਝੁੱਗੀਆਂ ਵਾਲੀਆਂ ਕਲੋਨੀਆਂ ਨੂੰ ਤੋੜਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਪਾਰਟੀ ਦੇ ਸੂਬਾ ਪੱਧਰੀ ਆਗੂ ਅਤੇ ਕਾਰਕੁੰਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਪ੍ਰਦਰਸ਼ਨਕਾਰੀਆਂ ਵੱਲੋਂ ਦੋਸ਼ ਲਾਇਆ ਗਿਆ ਕਿ ਭਾਜਪਾ ਸਰਕਾਰ ਵੱਲੋਂ 3000 ਤੋਂ ਵੱਧ ਝੁੱਗੀਆਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਬੁਲਡੋਜ਼ਰਾਂ ਨਾਲ ਮਲੀਆਮੇਟ ਕਰ ਦਿੱਤੀਆਂ ਗਈਆਂ। ਇਸ ਤਰ੍ਹਾਂ ਕਰੀਬ 15 ਹਜ਼ਾਰ ਪਰਿਵਾਰ ਉਜਾੜ ਦਿੱਤੇ ਗਏ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਾਜਪਾ ਹਮੇਸ਼ਾ ਹੀ ਗਰੀਬਾਂ ਵਿਰੋਧੀ ਰਹੀ ਹੈ ਅਤੇ ਉਸ ਨੇ ਦਿੱਲੀ ਅੰਦਰ ਸਰਕਾਰ ਬਣਾਉਂਦੇ ਹੀ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ ਅਤੇ ਗਰੀਬਾਂ ਦੀਆਂ ਝੁੱਗੀਆਂ ਉਦੋਂ ਉਜਾੜ ਦਿੱਤੀਆਂ ਜਦੋਂ ਮੀਂਹ ਵਾਲਾ ਮੌਸਮ ਬਣਿਆ ਹੋਇਆ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਦਵਿੰਦਰ ਯਾਦਵ ਨੇ ਕਿਹਾ ਕਿ ਭਾਜਪਾ ਨੇ ਗਰੀਬਾਂ ਨੂੰ ਦਿੱਲੀ ਵਿੱਚੋਂ ਹਟਾਉਣ ਦੀ ਨੀਤੀ ਬਣਾਈ ਅਤੇ ਜਹਾਂ ਝੁੱਗੀ ਵਹਾਂ ਮਕਾਨ ਦਾ ਵਾਦਾ ਆਉਂਦੇ ਹੀ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਇਸੇ ਵਾਅਦੇ ਦੇ ਸਿਰ ’ਤੇ ਹੀ ਭਾਜਪਾ ਦਿੱਲੀ ਅੰਦਰ ਆਮ ਆਦਮੀ ਪਾਰਟੀ ਨੂੰ ਹਰਾ ਕੇ 27 ਸਾਲ ਬਾਅਦ ਸਰਕਾਰ ਬਣਾ ਸਕੀ। ਪ੍ਰਦਰਸ਼ਨਕਾਰੀਆਂ ਵਿੱਚ ਨੌਜਵਾਨ ਅਤੇ ਔਰਤਾਂ ਵੀ ਸ਼ਾਮਲ ਸਨ। ਕਾਂਗਰਸ ਦੇ ਵੱਖ-ਵੱਖ ਆਗੂਆਂ ਨੇ ਦੋਸ਼ ਲਾਇਆ ਕਿ ਦਿੱਲੀ ਅੰਦਰ ਕਾਨੂੰਨ ਵਿਵਸਥਾ ਵਿਗੜ ਗਈ ਹੈ ਜਦੋਂ ਕਿ ਦਿੱਲੀ ਸਰਕਾਰ ਦੀ ਦਿੱਲੀ ਪੁਲਿਸ ਸਿੱਧੀ ਕੇਂਦਰ ਸਰਕਾਰ ਦੇ ਅਧੀਨ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅੰਦਰ ਨਸ਼ੀਲੇ ਪਦਾਰਥਾਂ ਦਾ ਪਸਾਰ ਵਧ ਰਿਹਾ। ਭਾਜਪਾ ਵੱਲੋਂ ਵੋਟਰਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ ਅਤੇ ਦਿੱਲੀ ਦੀਆਂ ਔਰਤਾਂ ਨੂੰ 2500 ਪ੍ਰਤੀ ਮਹੀਨਾ ਦੇਣ ਦਾ ਜੋ ਵਾਅਦਾ ਕੀਤਾ ਸੀ ਉਹ ਅਜੇ ਵੀ ਅਧੂਰਾ ਹੈ। ਪ੍ਰਦਰਸ਼ਨਕਾਰੀਆਂ ਮੁਤਾਬਕ ਦਿੱਲੀ ਦੀ ਰੇਖਾ ਗੁਪਤਾ ਦੀ ਸਰਕਾਰ ਨੇ ਆਉਂਦੇ ਸੀ ਦਿੱਲੀ ਨਗਰ ਨਿਗਮ ਰਾਹੀਂ ਕੌਮੀ ਰਾਜਧਾਨੀ ਦੀਆਂ ਸੜਕਾਂ ਸਾਫ ਕਰਨੀਆਂ ਅਤੇ ਪਾਣੀ ਨਾ ਭਰਨ ਦੇ ਵੱਡੇ ਵੱਡੇ ਵਾਅਦੇ ਕੀਤੇ ਸਨ ਪਰ ਇਹ ਵਾਅਦੇ ਪੂਰੇ ਨਹੀਂ ਹੋ ਸਕੇ ਅਤੇ ਆਏ ਦਿਨ ਦਿੱਲੀ ਦੇ ਲੋਕ ਸੜਕਾਂ ਉੱਪਰ ਖੜੇ ਗੋਡੇ ਗੋਡੇ ਪਾਣੀ ਵਿੱਚ ਦੀ ਲੰਘ ਕੇ ਜਾਣ ਲਈ ਮਜਬੂਰ ਹਨ।
ਕਾਂਗਰਸੀ ਵਰਕਰ ਦਿੱਲੀ ਵਿਧਾਨ ਸਭਾ ਵੱਲ ਜਾਣ ਤੋਂ ਪਹਿਲਾਂ ਚਾਂਦਗੀ ਰਾਮ ਅਖਾੜੇ ਦੇ ਨੇੜੇ, ਟਰਾਮਾ ਸੈਂਟਰ ਵਿੱਚ ਇਕੱਠੇ ਹੋਏ ਅਤੇ ਅਤੇ ਦਿੱਲੀ ਵਿਧਾਨ ਸਭਾ ਵੱਲ ਨੂੰ ਜਿਉਂ ਹੀ ਤੁਰਨ ਲੱਗੇ ਤਾਂ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਰਾਹ ਵਿੱਚ ਹੀ ਡੱਕ ਲਿਆ ਅਤੇ ਅੱਗੇ ਨਹੀਂ ਵਧਣ ਦਿੱਤਾ। ਜਿਨ੍ਹਾਂ ਕਾਰਕੁਨਾਂ ਨੇ ਸਰਕਾਰੀ ਰੋਕਾਂ ਟੱਪਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੂੰ ਦਿੱਲੀ ਪੁਲੀਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਨੇੜੇ ਦੇ ਪੁਲੀਸ ਸਟੇਸ਼ਨਾਂ ਵਿੱਚ ਲੈ ਗਈ।