ਪ੍ਰਦੂਸ਼ਣ ਵਿੱਚ ਘਿਰੀ ਦਿੱਲੀ ਅੰਦਰ ਜੀ ਆਰ ਏ ਪੀ ਦੇ ਚੌਥੇ ਪੜਾਅ ਨੂੰ ਲਾਗੂ ਕਰਨ ਬਾਰੇ ਅੱਜ ਭੰਬਲਭੂਸਾ ਬਣਿਆ ਰਿਹਾ। ਬਾਅਦ ਵਿੱਚ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਵੱਲੋਂ ਸਪਸ਼ਟ ਕੀਤਾ ਗਿਆ ਕਿ ਇਹ ਚੌਥਾ ਪੜਾਅ ਅਜੇ ਲਾਗੂ ਨਹੀਂ ਕੀਤਾ ਗਿਆ। ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਦਿੱਲੀ-ਐੱਨ ਸੀ ਆਰ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (ਜੀ ਆਰ ਏ ਪੀ) ਦਾ ਪੜਾਅ ਚਾਰ ਲਾਗੂ ਨਹੀਂ ਕੀਤਾ ਗਿਆ ਹੈ। ਕਮਿਸ਼ਨ ਨੇ ਦੱਸਿਆ ਕਿ ਜੀ ਆਰ ਏ ਪੀ ਲਾਗੂ ਕਰਨ ਦਾ ਦਾਅਵਾ ਕਰਨ ਵਾਲੀਆਂ ਰਿਪੋਰਟਾਂ ਝੂਠੀਆਂ ਹਨ ਅਤੇ ਜਨਤਾ ਨੂੰ ਅਜਿਹੀਆਂ ਗ਼ਲਤ ਜਾਣਕਾਰੀਆਂ ਨੂੰ ਨਜ਼ਰਅੰਦਾਜ਼ ਕਰਨ ਦੀ ਅਪੀਲ ਕੀਤੀ। ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਵੱਲੋਂ ਕਿਹਾ ਗਿਆ ਕਿ ਕੁਝ ਨਿਊਜ਼ ਚੈਨਲ ਤੇ ਡਿਜੀਟਲ ਪਲੈਟਫਾਰਮ ‘ਗੁੰਮਰਾਹਕੁਨ ਜਾਣਕਾਰੀ’ ਦਿਖਾ ਰਹੇ ਹਨ ਕਿ ਦਿੱਲੀ-ਐੱਨ ਸੀ ਆਰ ਵਿੱਚ ਪ੍ਰਦੂਸ਼ਣ ਕਾਰਨ ਵੱਡੀਆਂ ਐਮਰਜੈਂਸੀ ਪਾਬੰਦੀਆਂ ਲਗਾਈਆਂ ਗਈਆਂ ਹਨ। ਕਮਿਸ਼ਨ ਨੇ ਕਿਹਾ ਕਿ ਐੱਨ ਸੀ ਆਰ ਵਿੱਚ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ ਦਾ ਪੜਾਅ 3 ਲਾਗੂ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਜਨਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਐੱਨ ਸੀ ਆਰ ਅਤੇ ਨਾਲ ਲੱਗਦੇ ਖੇਤਰਾਂ ਲਈ ਕਮਿਸ਼ਨ ਵੱਲੋਂ ਜਾਰੀ ਕੀਤੀ ਅਧਿਕਾਰਤ ਜਾਣਕਾਰੀ ’ਤੇ ਹੀ ਭਰੋਸਾ ਕਰਨ।
ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਅਚਾਨਕ ਦਿੱਲੀ ਵਿੱਚ ਜੀ ਆਰ ਏ ਪੀ ਦੇ ਪੜਾਅ ਚਾਰ ਬਾਰੇ ਜਾਣਕਾਰੀ ਵਾਇਰਲ ਹੋਈ। ਕਈਆਂ ਨੇ ਦਾਅਵਾ ਕੀਤਾ ਕਿ ਦਿੱਲੀ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਕਾਰਨ ਪ੍ਰਸ਼ਾਸਨ ਨੇ ਜੀ ਆਰ ਏ ਪੀ-4 ਲਾਗੂ ਕੀਤਾ ਹੈ।

