ਦਿੱਲੀ ’ਚ ਕੋਲਡਰਿਫ ’ਤੇ ਪਾਬੰਦੀ
ਦਿੱਲੀ ਸਰਕਾਰ ਨੇ ਖੰਘ ਦੀ ਦਵਾਈ ‘ਕੋਲਡਰਿਫ’ ਦੀ ਵਿਕਰੀ, ਖਰੀਦ ਅਤੇ ਵੰਡ ’ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਇਸ ਨੂੰ ਮਿਆਰੀ ਗੁਣਵੱਤਾ ਵਿੱਚ ਨਾ ਹੋਣਾ ਐਲਾਨਿਆ ਹੈ। ਜ਼ਿਕਰਯੋਗ ਹੈ ਕਿ ਕੋਲਡਰਿਫ ਦਵਾਈ ਕਾਰਨ ਮੱਧ ਪ੍ਰਦੇਸ਼ ਅਤੇ ਹੋਰ ਰਾਜਾਂ ਵਿੱਚ ਕਈ ਬੱਚਿਆਂ ਦੀ ਮੌਤ ਹੋ ਗਈ ਹੈ, ਜਿਸ ਕਾਰਨ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਇਸ ਦਵਾਈ ’ਤੇ ਪਾਬੰਦੀ ਲਗਾਈ ਜਾ ਰਹੀ ਹੈ। ਆਪਣੇ ਅਧਿਕਾਰਤ ਹੁਕਮ ਵਿੱਚ ਦਿੱਲੀ ਸਰਕਾਰ ਨੇ ਕਿਹਾ ਕਿ ਤਾਮਿਲਨਾਡੂ ਵਿੱਚ ਸ੍ਰੇਸਨ ਫਾਰਮਾਸਿਊਟੀਕਲ ਨਿਰਮਾਤਾ ਵੱਲੋਂ ਕੋਲਡਰਿਫ, ਡਾਇਥਾਈਲੀਨ ਗਲਾਈਕੋਲ ਨਾਲ ਮਿਲਾਵਟੀ ਪਾਇਆ ਗਿਆ। ਦੱਸਿਆ ਗਿਆ ਹੈ ਕਿ ਇਹ ਇੱਕ ਜ਼ਹਿਰੀਲਾ ਰਸਾਇਣ ਹੈ ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। ਹੁਣ ਤੱਕ ਅਰੁਣਾਚਲ ਪ੍ਰਦੇਸ਼, ਪੰਜਾਬ ਅਤੇ ਮੱਧ ਪ੍ਰਦੇਸ਼ ਵਰਗੇ ਕਈ ਰਾਜਾਂ ਨੇ ਕੋਲਡਰਿਫ ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ। ਆਦੇਸ਼ ਵਿੱਚ ਲਿਖਿਆ ਗਿਆ ਹੈ ਕਿ ਉਕਤ ਦਵਾਈ ਨੂੰ ਵੇਚਣਾ ਖਰੀਦਣਾ ਜਾਂ ਵੰਡਣਾ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਜਾਂਦੇ ਹਨ ਆਮ ਲੋਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਦਵਾਈ ਦੀ ਵਰਤੋਂ ਨਾ ਕਰਨ ਕਿਉਂਕਿ ਇਸ ਦੇ ਸਿਹਤ ਪ੍ਰਤੀ ਸੰਭਾਵੀ ਜੋਖਮ ਹਨ। ਦਿੱਲੀ ਸਰਕਾਰ ਨੇ ਉਮੀਦ ਜਤਾਈ ਹੈ ਕਿ ਜਨਤਕ ਹਿੱਤ ਵਿੱਚ ਜਾਰੀ ਕੀਤੀ ਗਈ ਇਸ ਜਨਤਕ ਸਲਾਹ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗੀ। ਚਿਤਵਾਨੀ ਜਾਰੀ ਕੀਤੀ ਗਈ ਹੈ ਕਿ ਕਿ ਜੇਕਰ ਕੋਈ ਵੀ ਵਪਾਰੀ ਇਸ ਕੋਲਡਰਿਫ ਦੀ ਵਿਕਰੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੋਲਡਰਿਫ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੀ ਅਜਿਹਾ ਆਦੇਸ਼ ਜਾਰੀ ਕਰ ਚੁੱਕੀ ਹੈ।