ਇਨਫੈਕਸ਼ਨ ਕਾਰਨ CJI ਬੀਆਰ ਗਵਈ ਦੀ ਸਿਹਤ ਨਾਸਾਜ਼, ਦਿੱਲੀ ਹਸਪਤਾਲ ਵਿੱਚ ਜ਼ੇਰੇ-ਇਲਾਜ
ਨਵੀਂ ਦਿੱਲੀ, 14 ਜੁਲਾਈ
ਭਾਰਤ ਦੇ ਚੀਫ਼ ਜਸਟਿਸ (Chief Justice of India - CJI) ਬੀ.ਆਰ. ਗਵਈ ਨੂੰ ਹੈਦਰਾਬਾਦ ਦੇ ਆਪਣੇ ਹਾਲੀਆ ਸਰਕਾਰੀ ਦੌਰੇ ਦੌਰਾਨ ਗੰਭੀਰ ਇਨਫੈਕਸ਼ਨ ਦਾ ਪਤਾ ਲੱਗਿਆ ਸੀ। ਇਕਿ ਸਰਕਾਰੀ ਸੂਤਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਦਿੱਲੀ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਤੇ ਇਲਾਜ ਦਾ ਉਨ੍ਹਾਂ ’ਤੇ ਚੰਗਾ ਅਸਰ ਦਿਖਾਈ ਦੇ ਰਿਹਾ ਹੈ।
ਇਸ ਜਾਣਕਾਰੀ ਵਿੱਚ ਕਿਹਾ ਗਿਆ ਹੈ, “CJI ਚੰਗਾ ਹੁੰਗਾਰਾ ਦੇ ਰਹੇ ਹਨ ਤੇ ਉਨ੍ਹਾਂ ਨੂੰ (ਹਸਪਤਾਲ ਤੋਂ) ਛੁੱਟੀ ਹੋ ਜਾਣ ਅਤੇ ਇੱਕ ਜਾਂ ਦੋ ਦਿਨਾਂ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਮੁੜ ਸੰਭਾਲ ਲੈਣ ਦੀ ਉਮੀਦ ਹੈ,” ।
ਗ਼ੌਰਤਲਬ ਹੈ ਕਿ ਚੀਫ਼ ਜਸਟਿਸ ਬੀਤੀ 12 ਜੁਲਾਈ ਨੂੰ ਨਲਸਾਰ ਯੂਨੀਵਰਸਿਟੀ ਆਫ਼ ਲਾਅ (Nalsar University of Law) ਵਿਖੇ ਕਨਵੋਕੇਸ਼ਨ ਭਾਸ਼ਣ ਦੇਣ ਲਈ ਹੈਦਰਾਬਾਦ ਗਏ ਸਨ।
CJI ਗਵਈ ਨੇ ਉਸੇ ਦਿਨ ਹੈਦਰਾਬਾਦ ਵਿੱਚ "ਬਾਬਾਸਾਹਿਬ ਡਾ. ਬੀ.ਆਰ. ਅੰਬੇਡਕਰ - ਸੰਵਿਧਾਨ ਸਭਾ - ਭਾਰਤ ਦਾ ਸੰਵਿਧਾਨ" ਸਿਰਲੇਖ ਵਾਲਾ ਇੱਕ ਵਿਸ਼ੇਸ਼ ਡਾਕ ਕਵਰ ਅਤੇ ਨਾਲ ਹੀ "ਭਾਰਤ ਦੇ ਸੰਵਿਧਾਨ ਵਿੱਚ ਕਲਾ ਅਤੇ ਕੈਲੀਗ੍ਰਾਫੀ" ਬਾਰੇ ਤਸਵੀਰਾਂ ਆਧਾਰਤ ਪੋਸਟਕਾਰਡਾਂ ਦਾ ਇੱਕ ਸੈੱਟ ਵੀ ਜਾਰੀ ਕੀਤਾ ਸੀ। CJI ਨੇ ਸੋਮਵਾਰ ਨੂੰ ਅੰਸ਼ਕ ਕੰਮਕਾਜੀ ਦਿਨਾਂ ਦੀ ਸਮਾਪਤੀ 'ਤੇ ਅਦਾਲਤ ਨਹੀਂ ਲਗਾਈ। -ਪੀਟੀਆਈ