ਬਿਹਾਰ ਵਿੱਚ ਐਂਬੂਲੈਂਸ ’ਚ ਔਰਤ ਨਾਲ ਸਮੂਹਿਕ ਜਬਰ-ਜਨਾਹ ਪਿੱਛੋਂ ਚਿਰਾਗ ਪਾਸਵਾਨ ਨੇ ਨਿਤੀਸ਼ ਸਰਕਾਰ ਦੀ ਫਿਰ ਕੀਤੀ ਖਿਚਾਈ
ਬਿਹਾਰ ਵਿੱਚ 26 ਸਾਲਾ ਔਰਤ ਨਾਲ ਚੱਲਦੀ ਐਂਬੂਲੈਂਸ ਵਿੱਚ ਕਥਿਤ ਸਮੂਹਿਕ ਜਬਰ-ਜਨਾਹ ਦੇ ਮਾਮਲੇ ਤੋਂ ਬਾਅਦ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਨੇ ਫਿਰ ਰਾਜ ਵਿੱਚ ਆਪਣੀ ਗੱਠਜੋੜ ਸਰਕਾਰ ਦੀ ਨਿੰਦਾ ਕੀਤੀ ਹੈ। ਗ਼ੌਰਤਲਬ ਹੈ ਕਿ ਚਿਰਾਗ ਦੀ ਪਾਰਟੀ ਕੇਂਦਰ ਵਿੱਚ ਸੱਤਾਧਾਰੀ ਐਨਡੀਏ ਦੀ ਸਹਿਯੋਗੀ ਹੈ ਅਤੇ ਬਿਹਾਰ ਵਿਚ ਵੀ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਕਾਇਮ ਹੈ।
ਗ਼ੌਰਤਲਬ ਹੈ ਕਿ ਇਹ ਔਰਤ ਗਯਾ ਵਿਖੇ ਹੋਮ ਗਾਰਡ ਭਰਤੀ ਮੁਹਿੰਮ ਦੌਰਾਨ ਬੇਹੋਸ਼ ਹੋ ਗਈ ਸੀ ਅਤੇ ਉਸ ਨੂੰ ਐਂਬੂਲੈਂਸ ਵਿੱਚ ਹਸਪਤਾਲ ਲਿਜਾਂਦੇ ਸਮੇਂ ਕਥਿਤ ਤੌਰ 'ਤੇ ਉਸ ਨਾਲ ਸਮੂਹਿਕ ਜਬਰ-ਜਨਾਹ ਕੀਤਾ ਗਿਆ ਸੀ। ਇਹ ਕਥਿਤ ਹਮਲਾ 24 ਜੁਲਾਈ ਨੂੰ ਬੋਧਗਯਾ ਦੇ ਬਿਹਾਰ ਮਿਲਟਰੀ ਪੁਲੀਸ ਮੈਦਾਨ ਵਿੱਚ ਕਰਵਾਈ ਗਈ ਇੱਕ ਭਰਤੀ ਪ੍ਰੀਖਿਆ ਦੌਰਾਨ ਹੋਇਆ ਸੀ।
ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤੀ ਗਈ ਐਫਆਈਆਰ ਦੇ ਅਨੁਸਾਰ ਉਸ ਉਤੇ ਇਹ ਹਮਲਾ ਚੱਲਦੀ ਐਂਬੂਲੈਂਸ ਦੌਰਾਨ ਹੋਇਆ ਸੀ। ਘਟਨਾ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਅਤੇ ਇੱਕ ਫੋਰੈਂਸਿਕ ਟੀਮ ਕਾਇਮ ਕੀਤੀ ਗਈ ਹੈ।
ਬਿਹਾਰ ਪੁਲੀਸ ਨੇ ਦੋ ਸ਼ੱਕੀਆਂ - ਐਂਬੂਲੈਂਸ ਡਰਾਈਵਰ ਅਤੇ ਤਕਨੀਸ਼ੀਅਨ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਸੀਸੀਟੀਵੀ ਫੁਟੇਜ ਨੇ ਐਂਬੂਲੈਂਸ ਵੱਲੋਂ ਲਏ ਗਏ ਰਸਤੇ ਅਤੇ ਸ਼ਿਕਾਇਤਕਰਤਾ ਵੱਲੋਂ ਦੱਸੀ ਗਈ ਸਮਾਂ-ਸੀਮਾ ਦੀ ਪੁਸ਼ਟੀ ਕੀਤੀ ਹੈ।
ਚਿਰਾਗ ਪਾਸਵਾਨ ਨੇ ਨੌਂ ਦਿਨਾਂ ਵਿੱਚ ਦੂਜੀ ਵਾਰ ਰਾਜ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਐਨਡੀਏ ਸਰਕਾਰ 'ਤੇ ਹਮਲਾ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਅਜਿਹੀ ਸਰਕਾਰ ਦਾ "ਸਮਰਥਨ ਕਰਨ ਦਾ ਅਫ਼ਸੋਸ’ ਹੈ, ਜੋ ਕਾਨੂੰਨ ਵਿਵਸਥਾ ਸਹੀ ਢੰਗ ਨਾਲ ਕਾਇਮ ਰੱਖਣ ਵਿਚ ਅਸਫਲ ਰਹੀ ਹੈ।
ਭਾਜਪਾ ਦੀ ਅਗਵਾਈ ਵਾਲੀ ਐਨਡੀਏ ਦੇ ਇੱਕ ਹਿੱਸੇਦਾਰ - ਐਲਜੇਪੀ (ਰਾਮ ਵਿਲਾਸ) ਦੇ ਪ੍ਰਧਾਨ, ਪਾਸਵਾਨ ਗਯਾ ਲਈ ਰਵਾਨਾ ਹੋਣ ਤੋਂ ਪਹਿਲਾਂ ਪਟਨਾ ਵਿੱਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।