ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੱਖ ਮੰਤਰੀ ਵੱਲੋਂ ਛੱਠ ਪੂਜਾ ਦੀਆਂ ਤਿਆਰੀਆਂ ਦਾ ਜਾਇਜ਼ਾ

ਸਾਰੇ ਛੱਠ ਘਾਟਾਂ ’ਤੇ ਸਫ਼ਾਈ, ਸੁਰੱਖਿਆ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਹੋਣਗੇ ਪੁਖ਼ਤਾ ਪ੍ਰਬੰਧ
ਮੁੱਖ ਮੰਤਰੀ ਰੇਖਾ ਗੁਪਤਾ ਛੱਠ ਘਾਟ ਦਾ ਦੌਰਾ ਕਰਦੀ ਹੋਈ। -ਫੋਟੋ: ਦਿਓਲ
Advertisement

ਦਿੱਲੀ ਵਿੱਚ ਪੁਰਵਾਂਚਲੀਆਂ ਦੇ ਸਭ ਤੋਂ ਵੱਡੇ ਤਿਉਹਾਰ ‘ਛੱਠ ਪੂਜਾ’ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸੇ ਤਹਿਤ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਪ੍ਰੇਮਬਾੜੀ ਪੁਲ ਅਤੇ ਸਿੰਗਲਪੁਰ ਤੋਂ ਲੈ ਕੇ ਮੂਨਕ ਨਹਿਰ ਦੇ ਕੰਢੇ ਤੱਕ ਬਣਾਏ ਜਾ ਰਹੇ ਛੱਠ ਘਾਟਾਂ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਯਮੁਨਾ ਦੇ ਕੰਢਿਆਂ ਤੋਂ ਲੈ ਕੇ ਰਾਜਧਾਨੀ ਦੇ ਵੱਖ-ਵੱਖ ਛੱਠ ਸਥਾਨਾਂ ਤੱਕ ਤਿਆਰੀਆਂ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਹਰ ਸ਼ਰਧਾਲੂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਮਾਹੌਲ ਮਿਲੇ। ਇਸ ਲਈ ਤੰਬੂ, ਬਿਜਲੀ, ਪੀਣ ਵਾਲਾ ਪਾਣੀ, ਪਖਾਨੇ, ਸੁਰੱਖਿਆ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਪ੍ਰਬੰਧ ਉੱਚ-ਮਿਆਰੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਕ ਵਿਸ਼ੇਸ਼ ਸਫ਼ਾਈ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿੱਚ ਸੰਸਦ ਮੈਂਬਰ, ਵਿਧਾਇਕ ਅਤੇ ਕੌਂਸਲਰ ਨਿੱਜੀ ਤੌਰ ’ਤੇ ਘਾਟਾਂ ਦਾ ਦੌਰਾ ਕਰਨਗੇ ਅਤੇ ਸਫ਼ਾਈ ਕਾਰਜਾਂ ਵਿੱਚ ਹਿੱਸਾ ਲੈਣਗੇ।

Advertisement

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਯਮੁਨਾ ਕਿਨਾਰੇ ਛੱਠ ਪੂਜਾ ਕਰਨ ’ਤੇ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਉੱਥੇ ਜਾਣ ਵਾਲੇ ਸ਼ਰਧਾਲੂਆਂ ’ਤੇ ਦਰਜ ਕੀਤੀਆਂ ਗਈਆਂ ਸਾਰੀਆਂ ਐੱਫ ਆਈ ਆਰਜ਼ ਨੂੰ ਵਾਪਸ ਲਿਆ ਜਾਵੇਗਾ।

ਬਾਅਦ ਵਿੱਚ ਦਿੱਲੀ ਸਕੱਤਰੇਤ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਸਾਲ ਸਰਕਾਰ ਨੇ 17 ‘ਮਾਡਲ ਛੱਠ ਘਾਟ’ ਬਣਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਘਾਟਾਂ ’ਤੇ ਸ਼ਾਨਦਾਰ ਸਵਾਗਤੀ ਗੇਟ, ਫੁੱਲਾਂ ਦੀ ਵਰਖਾ ਅਤੇ ਭੋਜਪੁਰੀ-ਮੈਥਿਲੀ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਦਿੱਲੀ ਦੇ ਯਮੁਨਾ ਘਾਟਾਂ ’ਤੇ ਇੰਨੇ ਵੱਡੇ ਪੱਧਰ ’ਤੇ ਛੱਠ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦੌਰੇ ਦੌਰਾਨ ਉਨ੍ਹਾਂ ਨਾਲ ਕੈਬਨਿਟ ਮੰਤਰੀ ਕਪਿਲ ਮਿਸ਼ਰਾ, ਵਿਧਾਇਕ ਅਭੈ ਯਾਦਵ ਅਤੇ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

1500 ਘਾਟਾਂ ’ਤੇ ਕੀਤੇ ਛੱਠ ਪੂਜਾ ਦੇ ਪ੍ਰਬੰਧ: ਸਚਦੇਵਾ

ਨਵੀਂ ਦਿੱਲੀ: ਦਿੱਲੀ ਭਾਜਪਾ ਨੇ ਅੱਜ ਐਲਾਨ ਕੀਤਾ ਕਿ ਇਸ ਸਾਲ ਸ਼ਹਿਰ ਭਰ ਵਿੱਚ ਲਗਪਗ 1500 ਘਾਟਾਂ ’ਤੇ ਛਠ ਪੂਜਾ ਦੇ ਜਸ਼ਨ ਮਨਾਏ ਜਾਣਗੇ। ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਕਿਹਾ ਕਿ ਇਹ ਫੈਸਲਾ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਰਕਾਰ ਵੱਲੋਂ ਕੀਤੇ ਗਏ ਇੱਕ ਹੋਰ ਚੋਣ ਵਾਅਦੇ ਨੂੰ ਪੂਰਾ ਕਰਦਾ ਹੈ। ਸਚਦੇਵਾ ਨੇ ਦੱਸਿਆ ਕਿ ਯਮੁਨਾ ਕਿਨਾਰੇ 23 ਵੱਡੇ ਕੁਦਰਤੀ ਘਾਟ ਹੋਣਗੇ, ਜਦਕਿ ਲਗਭਗ 1300 ਨਕਲੀ ਘਾਟ ਤਿਆਰ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਜਨਤਕ ਮੰਗ ਦੇ ਆਧਾਰ ‘ਤੇ 200 ਹੋਰ ਥਾਵਾਂ ਦੀ ਵੀ ਪਛਾਣ ਕੀਤੀ ਗਈ ਹੈ। ਸਚਦੇਵਾ ਨੇ ਕਿਹਾ ਕਿ ਦਿੱਲੀ ਦੀ ਭਾਜਪਾ ਸਰਕਾਰ ਨੇ ਪਿਛਲੀ ‘ਆਪ’ ਸਰਕਾਰ ਵੱਲੋਂ ਯਮੁਨਾ ਕਿਨਾਰੇ ਪੂਜਾ ’ਤੇ ਲਾਈ ਗਈ ‘ਗੈਰ-ਨੈਤਿਕ ਪਾਬੰਦੀ’ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ, ‘ਅਸੀਂ ਪ੍ਰਦੂਸ਼ਿਤ ਯਮੁਨਾ ਦੀ ਹਾਲਤ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਾ-ਕਾਬਲੀਅਤ ਦਾ ਮੁੱਦਾ ਚੁੱਕਿਆ ਸੀ, ਜਿਸ ਕਾਰਨ ਛੱਠ ਮਈਆ ਦੇ ਆਸ਼ੀਰਵਾਦ ਨਾਲ ਦਿੱਲੀ ਵਿੱਚ ਸਾਡੀ ਸਰਕਾਰ ਬਣੀ।’ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਇਸ ਸਾਲ ਛੱਠ ਪੂਜਾ ਦੇ ਪ੍ਰਬੰਧਾਂ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ ਅਤੇ ਦਿੱਲੀ ਦੇ ਮੇਅਰ ਸਰਦਾਰ ਰਾਜਾ ਇਕਬਾਲ ਸਿੰਘ ਦੀ ਨਿਗਰਾਨੀ ਹੇਠ ਸਹੀ ਸਫ਼ਾਈ ਯਕੀਨੀ ਬਣਾਈ ਜਾਵੇਗੀ। -ਪੀਟੀਆਈ

Advertisement
Show comments