ਪੁਸਤਕ ਮੇਲੇ ਦੌਰਾਨ ਕਿਤਾਬਾਂ ਦੇਖਦੀ ਹੋਈ ਮੁੱਖ ਮੰਤਰੀ ਰੇਖਾ ਗੁਪਤਾ। -ਫੋਟੋ: ਪੀਟੀਆਈ
ਇੱਕ ਕਥਿਤ ਭ੍ਰਿਸ਼ਟਾਚਾਰ ਮਾਮਲੇ ‘ਆਪ’ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਅਦਾਲਤ ਤੋਂ ਰਾਹਤ ਮਿਲਣ ਮਗਰੋਂ ਭਾਜਪਾ ਨੇ ਹੁਣ ਜੈਨ ਨੂੰ ਇੱਕ ਹੋਰ ਮਾਮਲੇ ’ਚ ਘੇਰਨ ਦੀ ਤਿਆਰੀ ਖਿੱਚੀ ਹੈ। ਸਾਬਕਾ ਲੋਕ ਨਿਰਮਾਣ ਮੰਤਰੀ ਸਤੇਂਦਰ ਜੈਨ ’ਤੇ ਵਿਭਾਗ ਵਿੱਚ ਇੱਕ ਨਵੇਂ ਘੁਟਾਲੇ ਦੇ ਦੋਸ਼ ਲਾਏ ਗਏ ਹਨ। ਲੋਕ ਨਾਇਕ ਹਸਪਤਾਲ ਦੇ 22 ਮੰਜ਼ਿਲਾ ਨਵੇਂ ਬਲਾਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਦੋਸ਼ ਲਗਾਉਂਦੇ ਹੋਏ ਦਿੱਲੀ ਸਰਕਾਰ ਨੇ ਫਾਈਲ ਨੂੰ ਜਾਂਚ ਲਈ ਐੱਲਜੀ ਵੀਕੇ ਸਕਸੈਨਾ ਨੂੰ ਭੇਜ ਦਿੱਤਾ ਹੈ। ਦੋਸ਼ ਲਗਾਇਆ ਗਿਆ ਹੈ ਕਿ ਲੋਕ ਨਾਇਕ ਹਸਪਤਾਲ ਦੀ ਇਮਾਰਤ ਦੀ ਕੀਮਤ ਨੂੰ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਵਾਰ-ਵਾਰ ਬਦਲਿਆ ਗਿਆ ਸੀ। ਇਸ ਵਿੱਚ ਬੇਨਿਯਮੀਆਂ ਕਰਕੇ ਇਸ ਦੀ ਕੀਮਤ 1139 ਕਰੋੜ ਰੁਪਏ ਤੱਕ ਵਧਾ ਦਿੱਤੀ ਗਈ ਸੀ, ਜਦੋਂ ਕਿ ਇਸ ਤੋਂ ਪਹਿਲਾਂ ਠੇਕਾ 465 ਕਰੋੜ ਰੁਪਏ ਵਿੱਚ ਕੀਤਾ ਗਿਆ ਸੀ। ਇੱਕ ਸਾਲ ਪਹਿਲਾਂ ਉਪ ਰਾਜਪਾਲ ਵੱਲੋਂ ਬਣਾਈ ਗਈ ਕਮੇਟੀ ਨੇ ਇਸ ਮਾਮਲੇ ਵਿੱਚ ਸਵਾਲ ਖੜ੍ਹੇ ਕੀਤੇ ਹਨ। ਕਮੇਟੀ ਨੇ ਹੋਰ ਵੀ ਕਈ ਦੋਸ਼ ਲਗਾਏ ਹਨ। ਜਿਸ ਦੀ ਰਿਪੋਰਟ ‘ਤੇ ਦਿੱਲੀ ਸਰਕਾਰ ਨੇ ਹੁਣ ਉਪ ਰਾਜਪਾਲ ਨੂੰ ਇੱਕ ਫਾਈਲ ਭੇਜੀ ਹੈ ਅਤੇ ਇਸ ਮਾਮਲੇ ਸਬੰਧੀ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਹੈ। ਲੋਕ ਨਿਰਮਾਣ ਮੰਤਰੀ ਪ੍ਰਵੇਸ਼ ਵਰਮਾ ਨੇ ਕਿਹਾ ਕਿ ਇਹ ਇੱਕ ਵੱਡਾ ਘੁਟਾਲਾ ਹੈ ਜੋ ਬਹੁਤ ਸਾਫ਼-ਸੁਥਰੇ ਢੰਗ ਨਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਤਾਂ ਦੋਸ਼ੀ ਬਚ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ ਸਾਬਕਾ ਲੋਕ ਨਿਰਮਾਣ ਮੰਤਰੀ ਜੈਨ ਨੇ ਨਿਯਮਾਂ ਨੂੰ ਬਾਈਪਾਸ ਕਰਕੇ ਬਦਲਾਅ ਕਰਵਾਏ। ਉਹ ਨਿਰੀਖਣ ਲਈ ਜਾਂਦੇ ਸਨ ਅਤੇ ਕਿਸੇ ਇਰਾਦੇ ਨਾਲ ਬਦਲਾਅ ਸੁਝਾਉਂਦੇ ਸਨ ਜਿਸ ਨਾਲ ਲਾਗਤ ਵਧਦੀ ਸੀ। ਉਨ੍ਹਾਂ ਦਾਅਵਾ ਕੀਤਾ ਕਿ 650 ਕਰੋੜ ਰੁਪਏ ਦਾ ਕਥਿਤ ਘੁਟਾਲਾ ਹੋਇਆ।
‘ਆਪ’ ਨੇਤਾਵਾਂ ਵਿਰੁੱਧ ਝੂਠੇ ਕੇਸ ਤਿਆਰ ਕਰ ਰਹੀ ਭਾਜਪਾ: ‘ਆਪ’
‘ਆਪ’ ਨੇ ਕਿਹਾ ਹੈ ਕਿ ਭਾਜਪਾ ਅਤੇ ਇਸ ਦੇ ਮੰਤਰੀ ਏਸੀਬੀ, ਸੀਬੀਆਈ ਅਤੇ ਈਡੀ ਘੁਟਾਲੇ ਵਿੱਚ ਸ਼ਾਮਲ ਹਨ। ਉਹ ਹਰ ਰੋਜ਼ ‘ਆਪ’ ਨੇਤਾਵਾਂ ਵਿਰੁੱਧ ਸਾਜ਼ਿਸ਼ ਰਚਦੇ ਹਨ, ਬੇਬੁਨਿਆਦ ਅਤੇ ਝੂਠੇ ਕੇਸ ਤਿਆਰ ਕਰਨ ਵਿੱਚ ਸਮਾਂ ਬਰਬਾਦ ਕਰਦੇ ਹਨ ਅਤੇ ਇਨ੍ਹਾਂ ਗ਼ਲਤ ਜਾਂਚਾਂ ‘ਤੇ ਟੈਕਸਦਾਤਾਵਾਂ ਦੇ ਪੈਸੇ ਬਰਬਾਦ ਕਰਦੇ ਹਨ।