ਮੁੱਖ ਮੰਤਰੀ ਰੇਖਾ ਗੁਪਤਾ ਨੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਤਿਮਾਰਪੁਰ ਖੇਤਰ ਵਿੱਚ ਇੱਕ ਸਫਾਈ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਲੋਕਾਂ ਨੂੰ ਸਫਾਈ ਬਣਾਈ ਰੱਖਣ ਲਈ ਉਤਸ਼ਾਹਿਤ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਵੱਖ-ਵੱਖ ਥਾਵਾਂ ‘ਤੇ ਸਫਾਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਅਤੇ ਚੁਣੇ ਹੋਏ ਨੁਮਾਇੰਦੇ ਸ਼ਹਿਰ ਭਰ ਵਿੱਚ ਇਨ੍ਹਾਂ ਸਫਾਈ ਮੁਹਿੰਮਾਂ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਸ਼ਹਿਰ ਨੂੰ ਸਾਫ਼ ਰੱਖਣ ਨੂੰ ਆਪਣੀ ਜ਼ਿੰਮੇਵਾਰੀ ਸਮਝਦਾ ਹੈ, ਤਾਂ ਦਿੱਲੀ ਸਾਫ਼ ਅਤੇ ਸੁੰਦਰ ਬਣ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੀਆਂ ਸਬੰਧਤ ਏਜੰਸੀਆਂ ਨੂੰ ਦਿੱਲੀ ਨੂੰ ਸਾਫ਼ ਸ਼ਹਿਰ ਬਣਾਉਣ ਲਈ ਕੰਮ ਕਰਨ ਲਈ ਕਿਹਾ ਗਿਆ ਹੈ। ਇਸ ਦੌਰਾਨ ਤਿਮਾਰਪੁਰ ਦੇ ਵਿਧਾਇਕ ਸੂਰਿਆ ਪ੍ਰਕਾਸ਼ ਖੱਤਰੀ ਅਤੇ ਮੇਅਰ ਰਾਜਾ ਇਕਬਾਲ ਸਿੰਘ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਪਹਿਲੀ ਅਗਸਤ ਨੂੰ ਦਿੱਲੀ ਦੇ ਮੁੱਖ ਮੰਤਰੀ ਨੇ ‘ਦਿੱਲੀ ਨੂੰ ਕੂੜੇ ਸੇ ਆਜ਼ਾਦੀ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਦਿੱਲੀ ਦੀ ਮੁੱਖ ਮੰਤਰੀ ਨੇ ਇਸ ਦੌਰਾਨ ਪਿਛਲੀ ਸਰਕਾਰ ’ਤੇ ਵੀ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਕੀਤੇ ਸਾਰੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਕਰਕੇ ਹੀ, ਹਾਲਾਤ ਅਜਿਹੇ ਹੋ ਗਏ ਹਨ ਕਿ ਦਿੱਲੀ ਦੇ ਮੌਜੂਦਾ ਅਧਿਕਾਰੀ ਮਾੜੀਆਂ ਹਾਲਤਾਂ ਵਿੱਚ ਕੰਮ ਕਰਨ ਲਈ ਮਜਬੂਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਦੇਖ ਕੇ ਦੁੱਖ ਹੁੰਦਾ ਹੈ।
‘ਪਿਛਲੀ ‘ਆਪ’ ਸਰਕਾਰ ’ਤੇ ਨਿਸ਼ਾਨੇ ਸਾਧੇ’
ਦਿੱਲੀ ਦੀ ਮੁੱਖ ਮੰਤਰੀ ਨੇ ਪਿਛਲੀ ‘ਆਪ’ ਸਰਕਾਰ ‘ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਪਿਛਲੀ ਸਰਕਾਰ ਨੇ ਆਪਣੇ ‘ਸ਼ੀਸ਼ ਮਹਿਲ’ ਬਣਾਉਣ ਲਈ 70 ਕਰੋੜ ਦਾ ਨਿਵੇਸ਼ ਕੀਤਾ ਪਰ ਦਫਤਰਾਂ ਦੇ ਸੁਧਾਰਾਂ ‘ਤੇ ਕੋਈ ਪੈਸਾ ਖਰਚ ਨਹੀਂ ਕੀਤਾ। ਤਨਜ਼ ਕੱਸਦਿਆਂ ਗੁਪਤਾ ਨੇ ਕਿਹਾ ਕਿ ਪਿਛਲੀ ਸਰਕਾਰ ਨੂੰ ਸਰਕਾਰੀ ਦਫਤਰਾਂ ਨੂੰ ਠੀਕ ਕਰਨ ਵਿੱਚ ਨਿਵੇਸ਼ ਕਰਨ ਲਈ ਸਮਾਂ ਨਹੀਂ ਮਿਲਿਆ ਪਰ ਉਨ੍ਹਾਂ ਕੋਲ ਆਪਣੇ ਲਈ ਸ਼ੀਸ਼ ਮਹਿਲ ਬਣਾਉਣ ਲਈ 70 ਕਰੋੜ ਸਨ। ਉਨ੍ਹਾਂ ਕਿਹਾ ਕਿ ਜੇਕਰ ਪਿਛਲੀ ਸਰਕਾਰ ਨੇ ਇੱਥੇ 2-4 ਕਰੋੜ ਦਾ ਨਿਵੇਸ਼ ਕੀਤਾ ਹੁੰਦਾ ਤਾਂ ਅਜਿਹੇ ਹਾਲਾਤ ਨਹੀਂ ਹੋਣੇ ਸੀ।