ਮੁੱਖ ਮੰਤਰੀ ਵੱਲੋਂ 29ਵੇਂ ਦਿੱਲੀ ਪੁਸਤਕ ਮੇਲੇ ਦਾ ਉਦਘਾਟਨ
ਦਿੱਲੀ ਦੇ ਪ੍ਰਗਤੀ ਮੈਦਾਨ ਵਾਲੀ ਥਾਂ ’ਤੇ ਬਣੇ ਭਾਰਤ ਮੰਡਪਮ ’ਚ 29ਵੇਂ ਦਿੱਲੀ ਦਾ ਪੁਸਤਕ ਮੇਲਾ ਸ਼ੁਰੂ ਹੋਇਆ ਜਿਸ ਦਾ ਉਦਘਾਟਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਮੋਬਾਈਲਾਂ ਦੇ ਡਿਜੀਟਲ ਯੁੱਗ ਵਿੱਚ ਵੀ ਕਿਤਾਬਾਂ ਪੜ੍ਹਨ ਦਾ ਜਨੂੰਨ ਬਰਕਰਾਰ ਹੈ। ਈ-ਗੈਜ਼ੇਟ ਕਦੇ ਵੀ ਕਿਤਾਬਾਂ ਦਾ ਬਦਲ ਨਹੀਂ ਹੋ ਸਕਦੇ। ਰੇਖਾ ਗੁਪਤਾ ਨੇ ਕਿਹਾ ਕਿ ਉਹ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਪ੍ਰੇਮਚੰਦ ਸਮੇਤ ਦੇਸ਼ ਦੇ ਮਸ਼ਹੂਰ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਪੜ੍ਹਦੀ ਆ ਰਹੀ ਹੈ। ਉਹ ਪਹਿਲਾਂ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ। ਮੁੱਖ ਮੰਤਰੀ ਭਾਰਤ ਮੰਡਪਮ ਵਿਖੇ 29ਵੇਂ ਦਿੱਲੀ ਪੁਸਤਕ ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਵਿਚਾਰ ਪ੍ਰਗਟ ਕਰ ਰਹੇ ਸੀ। ਉਨ੍ਹਾਂ ਕੁਝ ਸਮੇਂ ਲਈ ਕਿਤਾਬਾਂ ਦੀਆਂ ਸਟਾਲਾਂ ਦਾ ਦੌਰਾ ਵੀ ਕੀਤਾ। ਇਸ ਮੌਕੇ ਦਿੱਲੀ ਦੇ ਕਲਾ, ਸੱਭਿਆਚਾਰ ਅਤੇ ਭਾਸ਼ਾ ਮੰਤਰੀ ਕਪਿਲ ਮਿਸ਼ਰਾ ਵੀ ਮੌਜੂਦ ਸਨ। 29ਵਾਂ ਦਿੱਲੀ ਪੁਸਤਕ ਮੇਲਾ ਭਾਸ਼ਾ, ਸਾਹਿਤ, ਕਹਾਣੀਆਂ, ਇਤਿਹਾਸ ਦੇ ਨਾਲ-ਨਾਲ ਦੇਸ਼ ਭਗਤੀ ਦਾ ਸੰਦੇਸ਼ ਵੀ ਦੇਵੇਗਾ।
ਆਜ਼ਾਦੀ ਦਿਵਸ ਦੇ ਮੱਦੇਨਜ਼ਰ ਮੇਲੇ ਵਿੱਚ ‘ਹਰ ਘਰ ਤਿਰੰਗਾ’ ਦਾ ਇੱਕ ਸੈਲਫ਼ੀ ਪੁਆਇੰਟ ਵੀ ਬਣਾਇਆ ਗਿਆ ਹੈ। ਪਹਿਲੀ ਵਾਰ ਪ੍ਰਕਾਸ਼ਕਾਂ ਦੇ ਨਾਲ ਦਿੱਲੀ ਸਰਕਾਰ ਦੀਆਂ ਵੱਖ-ਵੱਖ ਅਕੈਡਮੀਆਂ ਵੀ ਮੇਲੇ ਵਿੱਚ ਹਿੱਸਾ ਲੈ ਰਹੀਆਂ ਹਨ। ਪੰਜਾਬੀ ਅਕਾਦਮੀ ਦਿੱਲੀ ਵੱਲੋਂ ਆਪਣੇ ਸਟਾਲ ਵਿੱਚ ਅਕਾਦਮੀ ਦੀਆਂ ਛਾਪੀਆਂ ਹੋਈਆਂ ਕਿਤਾਬਾਂ ਰੱਖੀਆਂ ਗਈਆਂ ਹਨ। ਦਿੱਲੀ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਐਤਵਾਰ ਨੂੰ ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ।