ਛੱਠ ਪੂਜਾ: ਕੋਂਡਲੀ ਘਾਟ ’ਤੇ ਪਾਬੰਦੀ ਦਾ ‘ਆਪ’ ਵੱਲੋਂ ਵਿਰੋਧ
ਕੌਮੀ ਰਾਜਧਾਨੀ ਵਿੱਚ ਛੱਠ ਪੂਜਾ ’ਤੇ ਸਿਆਸਤ ਜ਼ੋਰਾਂ ’ਤੇ ਹੋ ਰਹੀ ਹੈ, ਦਿੱਲੀ ਦੀ ਸੱਤਾਧਾਰੀ ਪਾਰਟੀ ਭਾਜਪਾ ਤੇ ਇੱਥੋਂ ਦੀਆਂ ਵਿਰੋਧੀ ਪਾਰਟੀਆਂ ਇੱਕ-ਦੂਜੇ ’ਤੇ ਨਿਸ਼ਾਨੇ ਸੇਧ ਰਹੇ ਹਨ। ਦਿੱਲੀ ਅੰਦਰ ਪੁਰਵਾਂਚਲ ਦੇ ਵੋਟਰ ਵੱਡੀ ਗਿਣਤੀ ਵਿੱਚ ਰਹਿੰਦੇ ਹਨ ਤੇ ਦਿੱਲੀ ਦੀਆਂ ਦੋਵੇਂ ਮੁੱਖ ਪਾਰਟੀਆਂ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਪੂਰਵਾਂਚਲ ਖੇਤਰ ਤੋਂ ਹਨ। ਆਮ ਆਦਮੀ ਪਾਰਟੀ ਨੇ ਭਾਜਪਾ ਸਰਕਾਰ ਵੱਲੋਂ ਕੋਂਡਲੀ ਘਾਟ ’ਤੇ ਛੱਠ ਪੂਜਾ ’ਤੇ ਪਾਬੰਦੀ ਦੇ ਵਿਰੋਧ ਵਿੱਚ ਐਤਵਾਰ ਨੂੰ ਵਿਰੋਧ ਪ੍ਰਦਰਸ਼ਨ ਕਰ ਕੇ ਭਾਜਪਾ ਖਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਘਾਟ ਵਿੱਚ ਨਹਿਰ ਵਿੱਚ ਤੁਰੰਤ ਪਾਣੀ ਛੱਡਣ ਦੀ ਮੰਗ ਕੀਤੀ ਹੈ।
ਆਮ ਆਦਮੀ ਪਾਰਟੀ ਵਿਧਾਇਕ ਸੰਜੀਵ ਝਾਅ, ਕੋਂਡਲੀ ਦੇ ਵਿਧਾਇਕ ਕੁਲਦੀਪ ਕੁਮਾਰ ਤੇ ਸਥਾਨਕ ਨਿਵਾਸੀ ਘਾਟ ’ਤੇ ਪਹੁੰਚੇ ਤੇ ਕਿਹਾ ਕਿ ਕੋਂਡਲੀ ਘਾਟ ’ਤੇ ਸਾਲਾਂ ਤੋਂ ਛੱਠ ਪੂਜਾ ਮਨਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਆਸਥਾ ਦੇ ਨਾਲ-ਨਾਲ ਪਰੰਪਰਾ ਤੇ ਪਛਾਣ ਦਾ ਵੀ ਸਥਾਨ ਹੈ। ਉਨ੍ਹਾਂ ਦੋਸ਼ ਲਾਇਆ ਕਿ ਇੱਥੇ ਦਿੱਲੀ ਸਰਕਾਰ ਦੇ ਹੁਕਮਾਂ ਅਨੁਸਾਰ ਪੂਜਾ ਰੋਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਡੀ ਐੱਮ ਨੇ ਘਾਟ ਨੂੰ ਮਨਜ਼ੂਰੀ ਦੇ ਦਿੱਤੀ, ਪੂਜਾ ਲਈ ਟੈਂਡਰ ਵੀ ਪਾਸ ਕਰ ਦਿੱਤਾ ਗਿਆ ਤੇ ਪ੍ਰਬੰਧਾਂ ਨੂੰ ਅੰਤਿਮ ਰੂਪ ਵੀ ਦੇ ਦਿੱਤਾ ਗਿਆ। ਉਨ੍ਹਾਂ ਸਵਾਲ ਉਠਾਇਆ ਕਿ ਹੁਣ ਕਿਸ ਦੇ ਹੁਕਮ ’ਤੇ ਪੂਜਾ ਨੂੰ ਰੋਕਿਆ ਜਾ ਰਿਹਾ ਹੈ? ਕੀ ਹੁਣ ਪੂਰਵਾਂਚਲ ਦੇ ਲੋਕਾਂ ਦੀ ਆਸਥਾ ਰਾਜਨੀਤੀ ਲਈ ਕੁਰਬਾਨ ਕੀਤੀ ਜਾਵੇਗੀ?
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਛੱਠ ਸਿਰਫ਼ ਇੱਕ ਪੂਜਾ ਨਹੀਂ ਹੈ, ਸਗੋਂ ਇਹ ਉਨ੍ਹਾਂ ਦੀ ਅਟੁੱਟ ਸ਼ਰਧਾ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਨੂੰ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ ਤੇ ਪੂਜਾ ਲਈ ਪੂਰੇ ਪ੍ਰਬੰਧ ਯਕੀਨੀ ਬਣਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੋਂਡਲੀ ਤੋਂ ਯਮੁਨਾ ਤੱਕ ਵਗ਼ਦੀ ਨਹਿਰ ਵਿੱਚ ਸਾਲਾਂ ਤੋਂ ਛੱਠ ਪੂਜਾ ਮਨਾਈ ਜਾ ਰਹੀ ਹੈ। 2013 ਤੋਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪੂਜਾ ਹੁੰਦੀ ਸੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਜਗ੍ਹਾ ਨੂੰ ਅਧਿਕਾਰਤ ਕੀਤਾ ਸੀ। ਇਸ ਤੋਂ ਬਾਅਦ ਵੀ ਹੁਣ ਇੱਥੇ ਪੂਜਾ ਨਹੀਂ ਹੋਣ ਦਿੱਤੀ ਜਾ ਰਹੀ ਹੈ।
ਜੇ ਨਹਿਰ ’ਚ ਪਾਣੀ ਨਾ ਛੱਡਿਆ ਤਾਂ ਅੰਦੋਲਨ ਹੋਵੇਗਾ: ਕੁਲਦੀਪ ਕੁਮਾਰ
ਮੀਟਿੰਗ ਦੌਰਾਨ ਵਿਧਾਇਕ ਕੁਲਦੀਪ ਕੁਮਾਰ ਨੇ ਕਿਹਾ ਕਿ ਹਰ ਸਾਲ ਪੂਰਵਾਂਚਲ ਵਾਸੀ ਕੋਂਡਲੀ ਤੋਂ ਯਮੁਨਾ ਤੱਕ ਵਗਦੀ ਨਹਿਰ ਵਿੱਚ ਛੱਠ ਪੂਜਾ ਕਰਦੇ ਹਨ। ਪਰ ਪਹਿਲੀ ਵਾਰ ਸਾਰੀਆਂ ਤਿਆਰੀਆਂ ਦੇ ਬਾਵਜੂਦ ਭਾਜਪਾ ਮੰਤਰੀ ਕਪਿਲ ਮਿਸ਼ਰਾ ਨੇ ਕਿਹਾ ਹੈ ਕਿ ਉਹ ਇਸ ਨਹਿਰ ਵਿੱਚ ਪਾਣੀ ਨਹੀਂ ਵਗਣ ਦੇਣਗੇ। ਉਨ੍ਹਾਂ ਕਪਿਲ ਮਿਸ਼ਰਾ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੂਰਵਾਂਚਲ ਵਾਸੀ ਸਰਕਾਰ ਦੀ ਇਸ ਕਾਰਵਾਈ ਦਾ ਜਵਾਬ ਜ਼ਰੂਰ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਇਸ ਨਹਿਰ ਵਿੱਚ ਪਾਣੀ ਨਹੀਂ ਛੱਡਿਆ ਗਿਆ ਤਾਂ ਇੱਕ ਵੱਡਾ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਪਿਲ ਮਿਸ਼ਰਾ ਨੇ ਇਸ ਨਹਿਰ ਵਿੱਚ ਉੱਤਰ ਪ੍ਰਦੇਸ਼ ਤੋਂ ਆ ਰਿਹਾ ਪਾਣੀ ਰੋਕ ਕੇ ਸਿਆਸੀ ਖੇਡ ਖੇਡੀ ਹੈ।
ਪ੍ਰਸ਼ਾਸਨ ਨੇ ਪ੍ਰਬੰਧਾਂ ਦਾ ਭਰੋਸਾ ਦਿੱਤਾ
ਆਮ ਆਦਮੀ ਪਾਰਟੀ ਵਿਧਾਇਕ ਸੰਜੀਵ ਝਾਅ ਨੇ ਦੱਸਿਆ ਕਿ ਕੋਂਢਲੀ ਤੋਂ ਵਿਧਾਇਕ ਕੁਲਦੀਪ ਕੁਮਾਰ ਜ਼ਿਲ੍ਹਾ ਮੈਜਿਸਟ੍ਰੇਟ ਦੀ ਮੀਟਿੰਗ ਵਿੱਚ ਸ਼ਾਮਲ ਹੋਏ, ਜਿੱਥੇ ਜ਼ਿਲਾ ਮੈਜਿਸਟ੍ਰੇਟ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਛੱਠ ਪੂਰਾ ਸਬੰਧੀ ਸਾਰੇ ਪ੍ਰਬੰਧ ਕੀਤੇ ਜਾਣਗੇ।
