ਯਮੁਨਾ ਮੈਟਰੋ ਸਟੇਸ਼ਨ ਨੇੜਲਾ ਛੱਠ ਘਾਟ ਮੁੜ ਖੋਲ੍ਹਿਆ
ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਅੱਜ ਯਮੁਨਾ ਬੈਂਕ ਮੈਟਰੋ ਸਟੇਸ਼ਨ ਨੇੜੇ ਬੰਦ ਪਏ ਛੱਠ ਘਾਟ ਨੂੰ ਮੁੜ ਖੋਲ੍ਹ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਇਸ ਘਾਟ ਨੂੰ ‘ਆਪ’ ਸਰਕਾਰ ਨੇ 2020 ਵਿੱਚ ਬੰਦ ਕਰ ਦਿੱਤਾ ਸੀ। ਸਚਦੇਵਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਤਿਉਹਾਰਾਂ ਵਿੱਚ ਰੁਕਾਵਟਾਂ ਪੈਦਾ ਕਰਦੀ ਸੀ ਪਰ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹਰ ਤਿਉਹਾਰ ਨੂੰ ਉਤਸ਼ਾਹ ਅਤੇ ਭਾਵਨਾ ਨਾਲ ਮਨਾ ਰਹੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਵੱਲੋਂ ਹਾਲੇ ਇਸ ਦੋਸ਼ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਸ੍ਰੀ ਸਚਦੇਵਾ ਨੇ ਕਿਹਾ ਕਿ ਛੱਠ ਪੂਜਾ ਲਈ ਇਸ ਘਾਟ ਨੂੰ ਦੁਬਾਰਾ ਖੋਲ੍ਹ ਕੇ ਲਕਸ਼ਮੀ ਨਗਰ ਅਤੇ ਪਾਂਡਵ ਨਗਰ ਸਮੇਤ 4-5 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਪੂਰਵਾਂਚਲੀ ਭਾਈਚਾਰੇ ਦੀ ਮੰਗ ਨੂੰ ਪੂਰਾ ਕੀਤਾ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਪੂਰਬੀ ਦਿੱਲੀ ਦੇ ਕਈ ਪੂਰਵਾਂਚਲ ਵਾਸੀਆਂ ਨੇ ਬਿਹਾਰ ਜਾਗਰਣ ਮੰਚ ਅਤੇ ਐੱਨ ਡੀ ਐੱਮ ਸੀ ਦੇ ਸਰਪ੍ਰਸਤ ਦੀ ਅਗਵਾਈ ਵਿੱਚ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਸੀ। ਦਿਨੇਸ਼ ਪ੍ਰਤਾਪ ਸਿੰਘ ਨੇ ਕਿਹਾ ਕਿ ਪੂਰਵਾਂਚਲੀ ਭਾਈਚਾਰਾ ਅਤੇ ਪੂਰਬੀ ਦਿੱਲੀ ਦਾ ਬਿਹਾਰ ਜਾਗਰਣ ਮੰਚ ਸਚਦੇਵਾ ਦੇ ਧੰਨਵਾਦੀ ਹਨ। ਇਸ ਦੌਰਾਨ ਸਚਦੇਵਾ ਨੇ ਮੈਟਰੋ ਸਟੇਸ਼ਨ ਦੇ ਨੇੜੇ ਪੈਂਟੂਨ ਪੁਲ ਦੇ ਹੇਠਾਂ ਘਾਟ ਦਾ ਦੌਰਾ ਕੀਤਾ ਅਤੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਸਫਾਈ ਮੁਹਿੰਮ ਵਿੱਚ ਹਿੱਸਾ ਲਿਆ।
