‘ਚਰਨ ਸੁਹਾਵੇ’ ਯਾਤਰਾ ਤਖ਼ਤ ਪਟਨਾ ਸਾਹਿਬ ਲਈ ਰਵਾਨਾ
ਮਨਧੀਰ ਸਿੰਘ ਦਿਓਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਅਤੇ ਖ਼ਾਲਸੇ ਦੀ ਮਾਤਾ ਸਾਹਿਬ ਕੌਰ ਦੇ ਚਰਨਾਂ ਦੇ ਜੋੜੇ ਤਖ਼ਤ ਹਰਿਮੰਦਰ ਪਟਨਾ ਸਾਹਿਬ ’ਚ ਸੁਸ਼ੋਭਿਤ ਕਰਨ ਲਈ ਚਰਨ ਸੁਹਾਵੇ ਯਾਤਰਾ ਨਗਰ ਕੀਰਤਨ ਦੇ ਰੂਪ ਵਿੱਚ ਇਥੋਂ ਦੇ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਤਖ਼ਤ ਪਟਨਾ ਸਾਹਿਬ ਲਈ ਰਵਾਨਾ ਕੀਤੀ ਗਈ। ਇਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਯਾਤਰਾ ਦਿੱਲੀ ਵਿੱਚ ਆਰ. ਕੇ.ਪੁਰਮ, ਸਫ਼ਦਰਜੰਗ, ਗ੍ਰੀਨ ਪਾਰਕ, ਮਾਲਵੀਆ ਨਗਰ, ਜੀ.ਕੇ.-2 , ਕਾਲਕਾ ਜੀ , ਗੋਵਿੰਦਪੁਰੀ , ਬਦਰਪੁਰ ਦੇ ਰਸਤੇ ਹੁੰਦੀ ਹੋਈ ਰਾਤ ਦਾ ਵਿਸ਼ਰਾਮ ਫਰੀਦਾਬਾਦ ’ਚ ਕੀਤਾ।
ਭਾਰਤੀ ਹਵਾਈ ਫ਼ੌਜ ਦੇ ਮੁਖੀ ਅਮਰਪ੍ਰੀਤ ਸਿੰਘ ਗੁਰਦੁਆਰਾ ਮੋਤੀ ਬਾਗ ਤੋਂ ਸਜਾਏ ਗਏ ਨਗਰ ਕੀਰਤਨ ਵਿੱਚ ਸ਼ਾਮਲ ਹੋਏ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਪਰਿਵਾਰ ਇਨ੍ਹਾਂ ਜੋੜਿਆਂ ਦਾ ਪਿਛਲੇ 300 ਸਾਲਾਂ ਤੋਂ ਸੇਵਾਦਾਰ ਸੀ। ਉਨ੍ਹਾਂ ਹੁਣ ਇਨ੍ਹਾਂ ਦੀ ਦੇਖਭਾਲ ਅਤੇ ਜ਼ਿੰਮੇਵਾਰੀ ਸਿੱਖ ਸੰਗਤ ਨੂੰ ਸੌਂਪ ਦਿੱਤੀ ਹੈ।
ਸ੍ਰੀ ਕਾਲਕਾ ਨੇ ਦੱਸਿਆ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ ਜੋੜੇ ਤਖ਼ਤ ਹਰਿਮੰਦਰ ਪਟਨਾ ਸਾਹਿਬ ਵਿਖੇ ਸੁਸ਼ੋਭਿਤ ਕਰਨ ਦੀ ਇਤਿਹਾਸਿਕ ਯਾਤਰਾ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮੋਤੀ ਬਾਗ਼ ਸਾਹਿਬ ਵਿਖੇ ਬੀਤੀ ਰਾਤ ਵਿਸ਼ੇਸ ਗੁਰਮਿਤ ਸਮਾਗਮ ਕਰਵਾਇਆ ਗਿਆ। ਸੰਗਤ ਨੇ ਜੋੜਿਆਂ ਦੇ ਦਰਸ਼ਨ ਕੀਤੇ। ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ, ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ, ਲੋਕ ਸਭਾ ਮੈਂਬਰ ਬਾਂਸੁਰੀ ਸਵਰਾਜ ਅਤੇ ਹੋਰ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਭਾਜਪਾ ਪੱਖੀ ਆਗੂਆਂ ਦੀ ਗਿਣਤੀ ਜ਼ਿਆਦਾ ਰਹੀ।
