Chaitanyananda Case :ਅਦਾਲਤ ਵੱਲੋਂ ਚੈਤਨਯਾਨੰਦ ਨੂੰ ਝਟਕਾ; ਜ਼ਮਾਨਤ ਅਰਜ਼ੀ ਰੱਦ
ਪੀੜਤਾਂ ਦੀ ਗਿਣਤੀ ਕਾਰਨ ਅਪਰਾਧ ਦੀ ਗੰਭੀਰਤਾ ਕਈ ਗੁਣਾ ਵੱਧ ਜਾਂਦੀ ਹੈ; ਜ਼ਮਾਨਤ ਦੇਣ ਦਾ ਕੋਈ ਆਧਾਰ ਨਹੀਂ: ਜੱਜ
Chaitanyananda Case :ਪਟਿਆਲਾ ਹਾਊਸ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਚੈਤਨਯਾਨੰਦ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਪੀੜਤਾਂ ਦੀ ਗਿਣਤੀ ਕਾਰਨ ਅਪਰਾਧ ਦੀ ਗੰਭੀਰਤਾ ਕਈ ਗੁਣਾ ਵੱਧ ਜਾਂਦੀ ਹੈ।
ਚੈਤਨਯਾਨੰਦ 17 ਵਿਦਿਆਰਥਣਾਂ ਨਾਲ ਛੇੜਛਾੜ ਕਰਨ ਦੇ ਦੋਸ਼ਾਂ ’ਤੇ ਨਿਆਂਇਕ ਹਿਰਾਸਤ ਵਿੱਚ ਹੈ। ਅਦਾਲਤ ਨੇ ਪੁਲੀਸ ਤੋਂ ਅਗਲੀ ਸਟੇਟਸ ਰਿਪੋਰਟ ਤਲਬ ਕੀਤੀ ਅਤੇ ਜਾਂਚ ਬਾਰੇ ਜਾਣਕਾਰੀ ਮੰਗੀ।
ਐਡੀਸ਼ਨਲ ਸੈਸ਼ਨ ਜੱਜ ਦੀਪਤੀ ਦੇਵੇਸ਼ ਨੇ ਪਟੀਸ਼ਨ ਨੂੰ 27 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਇਸ ਪੜਾਅ ’ਤੇ ਕਾਨੂੰਨੀ ਜ਼ਮਾਨਤ ਦੇਣ ਦਾ ਕੋਈ ਆਧਾਰ ਨਹੀਂ ਹੈ।
ਸੋਮਵਾਰ ਨੂੰ ਦੋਸ਼ੀ ਦੇ ਵਕੀਲ ਨੇ ਸਟੇਅ ਦੀ ਬੇਨਤੀ ਕੀਤੀ ਸੀ, ਜਿਸਨੂੰ ਅਦਾਲਤ ਨੇ ਸਵੀਕਾਰ ਕਰ ਲਿਆ।
ਦੋਸ਼ੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਸਦੇ ਮੁਵੱਕਿਲ ਨੂੰ ਝੂਠੇ ਤੌਰ ’ਤੇ ਫਸਾਇਆ ਗਿਆ ਹੈ ਅਤੇ ਪੀੜਤ ਲੜਕੀਆਂ ਨੂੰ ਧਮਕੀ ਦੇ ਕੇ ਅਤੇ ਉਨ੍ਹਾਂ ਦੇ ਸਕਾਲਰਸ਼ਿਪ ਵਾਪਸ ਲੈਣ ਦੀ ਧਮਕੀ ਦੇ ਕੇ ਉਸ ਵਿਰੁੱਧ ਝੂਠਾ ਕੇਸ ਦਰਜ ਕੀਤਾ ਗਿਆ ਹੈ।
ਜਿਸ ’ਤੇ ਜੱਜ ਨੇ ਟਿੱਪਣੀ ਕੀਤੀ ਕਿ ਇਸ ਮਾਮਲੇ ਵਿੱਚ ਕਈ ਪੀੜਤ ਸਨ। ਇੱਕ, ਦੋ, ਸ਼ਾਇਦ ਤਿੰਨ ਨੂੰ ਭਰਮਾਉਣਾ ਸੰਭਵ ਸੀ ਪਰ ਸਾਰਿਆਂ ਨੂੰ ਕਿਵੇਂ ਮਨਾਇਆ ਜਾ ਸਕਦਾ ਸੀ?
ਚੈਤਨਯਾਨੰਦ ਦੇ ਵਕੀਲ ਨੇ ਦਲੀਲ ਦਿੱਤੀ ਕਿ ਸੀਆਰਪੀਸੀ ਦੀ ਧਾਰਾ 232 (ਕਿਸੇ ਵਿਅਕਤੀ ਨੂੰ ਝੂਠੀ ਗਵਾਹੀ ਦੇਣ ਲਈ ਡਰਾਉਣਾ) ਨੂੰ ਛੱਡ ਕੇ ਸਾਰੇ ਅਪਰਾਧ ਜ਼ਮਾਨਤਯੋਗ ਹਨ ਅਤੇ ਇਹ ਅਪਰਾਧ, ਜੋ ਬਾਅਦ ਵਿੱਚ ਜਾਂਚ ਦੌਰਾਨ ਜੋੜਿਆ ਗਿਆ ਸੀ, ਵਿੱਚ ਵੱਧ ਤੋਂ ਵੱਧ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ।
ਦੱਸ ਦਈਏ ਕਿ ਚੈਤਨਯਾਨੰਦ ਸਰਸਵਤੀ ਨੂੰ 27 ਸਤੰਬਰ ਨੂੰ ਆਗਰਾ ਤੋਂ ਗ੍ਰਿਫ਼ਤਾਰ ਕਰਕੇ ਦਿੱਲੀ ਲਿਆਂਦਾ ਗਿਆ ਸੀ। ਪਹਿਲਾਂ ਉਨ੍ਹਾਂ ਨੂੰ ਪੰਜ ਦਿਨਾਂ ਲਈ ਪੁਲੀਸ ਹਿਰਾਸਤ ਵਿੱਚ ਅਤੇ ਬਾਅਦ ਵਿੱਚ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਉਹ ਨਿਆਂਇਕ ਹਿਰਾਸਤ ਵਿੱਚ ਹਨ। ਜ਼ਿਕਰਯੋਗ ਹੈ ਕਿ ਵਿੱਤੀ ਬੇਨਿਯਮੀਆਂ ਦੇ ਇੱਕ ਹੋਰ ਮਾਮਲੇ ਵਿੱਚ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਪਹਿਲਾਂ ਵੀ ਰੱਦ ਕਰ ਦਿੱਤੀ ਗਈ ਹੈ।