ਪੰਜਾਬ ਦੇ ਪੰਜਾਹ ਹਜ਼ਾਰ ਕਰੋੜ ਰੁਪਏ ਜਾਰੀ ਕਰੇ ਕੇਂਦਰ: ਚੀਮਾ
ਮਨਧੀਰ ਸਿੰਘ ਦਿਓਲ
ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਜੀਐੱਸਟੀ ਦਰਾਂ ਘਟਾਉਣ ਲਈ ਸਹਿਮਤੀ ਪ੍ਰਗਟਾਉਂਦੇ ਹੋਏ ਕੇਂਦਰ ਸਰਕਾਰ ਤੋਂ ਪੰਜਾਬ ਦੇ ਪੰਜਾਹ ਹਜ਼ਾਰ ਕਰੋੜ ਰੁਪਏ ਦੇ ਬਕਾਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ। ਜੀਐੱਸਟੀ ਮੰਤਰੀ ਸਮੂਹ ਦੀ ਮੀਟਿੰਗ ਮਗਰੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੀਐੱਸਟੀ ਲਾਗੂ ਹੋਣ ਤੋਂ ਬਾਅਦ, ਪੰਜਾਬ ਨੂੰ ਇੱਕ ਲੱਖ 11 ਹਜ਼ਾਰ 45 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਵਿੱਚੋਂ ਕੇਂਦਰ ਸਰਕਾਰ ਨੇ ਸਿਰਫ਼ 60 ਹਜ਼ਾਰ ਕਰੋੜ ਰੁਪਏ ਦਿੱਤੇ ਹਨ, ਜਦੋਂ ਕਿ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਅਜੇ ਵੀ ਕੇਂਦਰ ਕੋਲ ਹਨ। ਸ੍ਰੀ ਚੀਮਾ ਨੇ ਕਿਹਾ ਕਿ ਇਸ ਤੋਂ ਇਲਾਵਾ, ਆਰਡੀਐੱਫ਼ ਦੇ ਅੱਠ ਹਜ਼ਾਰ ਕਰੋੜ ਰੁਪਏ ਵੀ ਰੋਕੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬ ‘ਇੱਕ ਰਾਸ਼ਟਰ ਇੱਕ ਟੈਕਸ ਯੋਜਨਾ’ ਵਿੱਚ ਸ਼ਾਮਲ ਨਾ ਹੁੰਦਾ, ਤਾਂ ਇਸ ਨੂੰ ਮਾਲੀਏ ਦਾ ਇੰਨਾ ਵੱਡਾ ਨੁਕਸਾਨ ਨਾ ਹੁੰਦਾ। ਸ੍ਰੀ ਚੀਮਾ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਸੂਬਿਆਂ ਦੀ ਆਰਥਿਕਤਾ ਨੂੰ ਤਬਾਹ ਕਰਨਾ ਚਾਹੁੰਦੀ ਹੈ, ਤਾਂ ਜੋ ਸੂਬੇ ਇਸ ਦੇ ਸਾਹਮਣੇ ਹੱਥ ਫੈਲਾਉਣ ਲਈ ਮਜਬੂਰ ਹੋਣ। ਹਰਪਾਲ ਸਿੰਘ ਚੀਮਾ ਨੇ ਵੀਰਵਾਰ ਨੂੰ ਦਿੱਲੀ ਵਿੱਚ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਜੀਐੱਸਟੀ ਲਾਗੂ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਸੂਬਿਆਂ ਨੂੰ ਵਿਕਾਸ ਮਾਲੀਏ ਦਾ 14 ਪ੍ਰਤੀਸ਼ਤ ਮੁਆਵਜ਼ਾ ਸੈੱਸ ਅਧੀਨ ਮਿਲੇਗਾ। ਪੰਜਾਬ ਦਾ ਕੁੱਲ ਮਾਲੀਆ 2 ਲੱਖ 37 ਹਜ਼ਾਰ 530 ਕਰੋੜ ਰੁਪਏ ਸੀ। ਪਰ ਪੰਜਾਬ ਨੂੰ ਜੀਐੱਸਟੀ ਅਧੀਨ ਸਿਰਫ਼ ਇੱਕ ਲੱਖ 26 ਹਜ਼ਾਰ 485 ਕਰੋੜ ਰੁਪਏ ਹੀ ਮਿਲੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਜਿਸ ਵੀ ਸੂਬੇ ਨੂੰ ਨੁਕਸਾਨ ਹੁੰਦਾ ਹੈ, ਉਸ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਪਰ ਹੁਣ ਸੂਬਿਆਂ ਨੂੰ ਮੁਆਵਜ਼ਾ ਸੈੱਸ ਅਧੀਨ ਦਿੱਤਾ ਜਾਣ ਵਾਲਾ ਪੈਸਾ ਵੀ ਬੰਦ ਕਰ ਦਿੱਤਾ ਗਿਆ ਹੈ।